Accredited with CGPA of 3.37 on four point scale at "A+" grade by NAAC

ਆਗਾਮੀ ਸੈਮੀਨਾਰ/ ਸਮਾਗਮ
ਸੈਮੀਨਾਰ/ ਸਮਾਗਮਾਂ ਦਾ ਆਯੋਜਨ
ਫੋਟੋ ਗੈਲਰੀ
ਪ੍ਰੈਸ ਰਿਲੀਜ
 • ਪਟਿਆਲਾ, 3 ਮਾਰਚ- ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਆਪਣੇ ਵੱਖ-ਵੱਖ ਕੋਰਸਾਂ, ਸਹੂਲਤਾਂ ਅਤੇ ਸੇਵਾਵਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇਣ ਲਈ 'ਇੰਡਕਸ਼ਨ ਪ੍ਰੋਗਰਾਮ' ਕਰਵਾਇਆ ਜਾ ਰਿਹਾ ਹੈ। ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਡਿਸਟੈਂਸ ਐਜੂਕੇਸ਼ਨ ਬਿਊਰੋ ਦੁਆਰਾ ਪ੍ਰਵਾਨਿਤ ਬੀ.ਏ., ਬੀ.ਲਿਬ., ਬੀ.ਕਾਮ ਅਤੇ ਐੱਮ.ਏ. ਅੰਗਰੇਜ਼ੀ, ਐੱਮ.ਏ. ਐਜੂਕੇਸ਼ਨ, ਐੱਮ.ਬੀ.ਏ. ਅਤੇ ਮਾਸਟਰਜ਼ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਪਹਿਲੇ ਸਾਲ (ਸਮੈਸਟਰ ਪਹਿਲਾ) ਦੇ ਦਾਖਲੇ ਇਨ੍ਹੀਂ ਦਿਨੀਂ ਕੇਂਦਰ ਵਿਖੇ ਜਾਰੀ ਹਨ। ਇਨ੍ਹਾਂ ਕੋਰਸਾਂ ਵਿੱਚ ਦਾਖਲੇ 31 ਮਾਰਚ 2024 ਤੱਕ ਹੋਣਗੇ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ www.pbidde.org 'ਤੇ ਦਿੱਤੀ ਗਈ ਹੈ।
 • ਪਟਿਆਲਾ, 1 ਮਾਰਚ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਸਮੂਹ ਕੀਰਤਨੀਆਂ ਅਤੇ ਸੰਗਤ ਦਾ ਸੁਆਗਤ ਕੀਤਾ। ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਬਸੰਤ ਰਾਗ ਦਰਬਾਰ ਤਹਿਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ, ਬੀਬੀ ਸਤਵੰਤ ਕੌਰ ਅਤੇ ਭਾਈ ਗੁਰਸੇਵਕ ਸਿੰਘ ਦੇ ਜੱਥਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਦੇ ਮੋਢੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਨੇ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਵਰਣਨਯੋਗ ਹੈ ਕਿ ਬੀਬੀ ਜੀ ਦੇ ਵਿੱਤੀ ਸਹਿਯੋਗ ਨਾਲ ਵਿਸ਼ਵ ਵਿਚ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਵਿਖੇ ‘ਗੁਰਮਤਿ ਸੰਗੀਤ ਚੇਅਰ’ ਦੀ ਸਥਾਪਨਾ 2003 ਵਿਚ ਕੀਤੀ ਗਈ ਸੀ। ਸਮਾਰੋਹ ਦੌਰਾਨ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ, ਸ. ਅਮਰਜੀਤ ਸਿੰਘ ਘੁੰਮਣ, ਚੀਫ਼ ਸੁਰੱਖਿਆ ਅਫ਼ਸਰ, ਡਾ. ਨਿਵੇਦਿਤਾ ਸਿੰਘ, ਡਾ. ਜਤਿੰਦਰ ਸਿੰਘ ਮੱਟੂ ਅਤੇ ਉਤਸਵ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵੱਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
 • ਪਟਿਆਲਾ, 28 ਫਰਵਰੀ ‘‘ਸਿੱਖਿਆ ਪ੍ਰਾਪਤੀ ਦਾ ਮੁੱਖ ਮਕਸਦ ਇੱਕ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ। ਅਜਿਹਾ ਚਰਿੱਤਰ ਜੋ ਇਮਾਨਦਾਰੀ ਅਤੇ ਲਗਨ ਦੇ ਬਲਬੂਤੇ ਆਪਣੀ ਸ਼ਖ਼ਸੀਅਤ ਨੂੰ ਚਮਕਾਵੇ ਅਤੇ ਸਮਾਜ ਅਤੇ ਦੇਸ਼ ਦੇ ਨਿਰਮਾਣ ਵਿੱਚ ਵੀ ਆਪਣਾ ਭਰਪੂਰ ਪਾਵੇ।’’ ਇਹ ਵਿਚਾਰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬੀ ਯੂਨੀਵਰਸਿਟੀ ਦੀ 40ਵੀਂ ਕਨਵੋਕੇਸ਼ਨ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਪੀ-ਐੱਚ.ਡੀ. ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗਾ ਚਰਿੱਤਰ ਹੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਵਾ ਸਕਦਾ ਹੈ। ਇਸ ਕਰਕੇ ਉਨ੍ਹਾਂ ਨੂੰ ਇਸ ਦੇ ਨਿਰਮਾਣ ਵਾਸਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੇ ਆਪਣੀ ਸਥਾਪਨਾ ਦੇ ਮੰਤਵ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇ ਪਾਸਾਰ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਚਿੰਤਨ ਪੱਖੋ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਜੀਵਨ ਅਤੇ ਦਰਸ਼ਨ ਦੇ ਹਵਾਲਿਆਂ ਨਾਲ ਸਾਦੀ ਅਤੇ ਇਮਾਨਦਾਰੀ ਭਰਪੂਰ ਜੀਵਨ ਸ਼ੈਲੀ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
 • ਪਟਿਆਲਾ, 27 ਫਰਵਰੀ- ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਕਮਲਜੀਤ ਸਿੰਘ ਟਿੱਬਾ ਦੀ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਜੇਤੂ ਪੁਸਤਕ 'ਪੰਜਾਬੀ ਗੀਤ ਸ਼ਾਸਤਰ' 'ਤੇ ਵਿਚਾਰ ਚਰਚਾ ਕਰਵਾਈ ਗਈ। ਇਹ ਵਿਚਾਰ ਚਰਚਾਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਸਥਿਤ ਵਰਲਡ ਪੰਜਾਬੀ ਸੈਂਟਰ ਵਿਖੇ ਹੋਈ। ਇਹ ਪੁਸਤਕ ਪੰਜਾਬੀ ਸਾਹਿਤ ਅਧਿਐਨ ਵਿਭਾਗ ਦਾ ਖੋਜ ਪ੍ਰੋਜੈਕਟ ਸੀ ਜਿਸ ਨੂੰ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੁਰਸਕਾਰ ਦਿੱਤਾ ਗਿਆ ਹੈ। ਵਿਭਾਗ ਮੁਖੀ ਡਾ. ਪਰਮੀਤ ਕੌਰ ਵੱਲੋਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਰਸਮੀ ਸਵਾਗਤ ਕੀਤਾ ਗਿਆ।
 • ਪਟਿਆਲਾ, 26 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਲੜੀ ਵਿੱਚ ਪ੍ਰੋ. ਵੰਦਨਾ ਸ਼ਰਮਾ ਦਾ ਭਾਸ਼ਣ ਕਰਵਾਇਆ ਗਿਆ। ਉਨ੍ਹਾਂ ਭਾਵਨਾਵਾਂ ਉੱਤੇ ਨਿਯੰਤਰਣ ਪਾਉਣ ਸੰਬੰਧੀ ਵੱਖ-ਵੱਖ ਮਨੋਵਿਗਿਆਨਕ ਤਕਨੀਕਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਕਿਰਤ ਅਤੇ ਮਿਹਨਤ ਕਰਨ ਨਾਲ਼ ਸਿਰਫ਼ ਸਰੀਰਿਕ ਸਿਹਤ ਹੀ ਤੰਦਰੁਸਤ ਨਹੀਂ ਰਹਿੰਦੀ ਬਲਕਿ ਮਾਨਸਿਕ ਸਿਹਤ ਵੀ ਦਰੁਸਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਚੇ ਮਨੋਂ ਆਪਣੇ ਕੰਮ ਅਤੇ ਰੁਝੇਵਿਆਂ ਵਿੱਚ ਜੁਟ ਕੇ ਰਹਿਣਾ ਚਾਹੀਦਾ ਹੈ ਜਿਸ ਨਾਲ਼ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
 • ਪਟਿਆਲਾ, 24 ਫਰਵਰੀ- ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਿਲੌਂਗ, ਕੋਹਿਮਾ ਅਤੇ ਮਿਜ਼ੋਰਮ ਵਿੱਚ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2023' ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ਿਲੌਂਗ ਵਿਖੇ ਤੀਰਅੰਦਾਜ਼ੀ ਦੇ ਖੇਤਰ ਵਿੱਚ ਇੱਕ ਸੋਨ ਤਗ਼ਮਾ ਇੱਕ ਚਾਂਦੀ ਤਗ਼ਮਾ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਯੂਨੀਵਰਸਿਟੀ ਤੋਂ ਤੀਰਅੰਦਾਜ਼ ਪਵਨ ਨੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਰਿਕਵਰ ਪੁਰਸ਼ ਟੀਮ, ਜਿਸ ਵਿੱਚ ਜਸਵਿੰਦਰ, ਰੌਬਿਨ, ਦਲੀਪ ਅਤੇ ਪਵਨ ਸ਼ਾਮਿਲ ਸਨ, ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਰਿਕਵਰ ਮਹਿਲਾ ਟੀਮ, ਜਿਸ ਵਿੱਚ ਕਿ ਤਨੀਸ਼ਾ ਵਰਮਾ, ਗੁਰਮੇਹਰ ਕੌਰ, ਹਰਪ੍ਰੀਤ ਕੌਰ ਅਤੇ ਸ਼ਵੇਤਾ ਸ਼ਾਮਿਲ ਸਨ, ਕਾਂਸੀ ਦਾ ਤਗਮਾ ਜਿੱਤਿਆ। ਜਸਵਿੰਦਰ ਨੇ ਵਿਅਕਤੀਗਤ ਤੌਰ ਉੱਤੇ ਕਾਂਸੀ ਦਾ ਤਗ਼ਮਾ ਜਿੱਤਿਆ। ਯੂਨੀਵਰਸਿਟੀ ਦੀ ਕੰਪਾਊਂਡ ਮਿਕਸ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੀ ਤੀਰਅੰਦਾਜ਼ ਪ੍ਰਿਆ ਨੇ ਚੌਥਾ ਸਥਾਨ ਹਾਸਲ ਕੀਤਾ।
 • ਪਟਿਆਲਾ 23 ਫਰਵ- ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਨੇ ਭਾਰਤੀ ਸਟੇਟ ਬੈਂਕ (ਐਸ.ਬੀ.ਆਈ) ਦੀ ਮਦਦ ਨਾਲ ਖਰੀਦੀ ਗਈ ਬੱਸ ਨੂੰ ਅੱਜ ਸਾਦੇ ਪ੍ਰਭਾਵੀ ਸਮਾਗਮ ਦੌਰਾਨ ਹਰੀ ਝੰਡੀ ਦਿੱਤੀ। ਇਹ ਬੱਸ ਯੂਨੀਵਰਸਿਟੀ ਦੇ ਫਿਜੀਓਥਰੈਪੀ ਵਿਭਾਗ ਦੀਆਂ ਲੋੜਾਂ ਵਾਸਤੇ ਖਰੀਦੀ ਗਈ ਹੈ। ਫਿਜੀਓਥਰੈਪੀ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਬੱਸ 19,06,322 ਰੁਪਏ ਦੀ ਖਰੀਦੀ ਗਈ ਹੈ। ਇਸ ਵਾਸਤੇ ਐਸ.ਬੀ.ਆਈ. ਵੱਲੋਂ 15 ਲੱਖ ਰੁਪਏ ਦੀ ਮਦਦ ਦਿੱਤੀ ਗਈ ਹੈ। ਇਹ ਬੱਸ ਫਿਜੀਓਥਰੈਪੀ ਕੈਂਪਾਂ ਅਤੇ ਵਿਭਾਗ ਦੀਆਂ ਲੋੜਾਂ ਲਈ ਮਦਦਗਾਰ ਹੋਵੇਗੀ।
 • ਪਟਿਆਲਾ, 23 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਐਨ.ਐਸ.ਐਸ. ਵਲੰਟਰੀਆਂ ਨੂੰ ਸਮਾਜ ਵਿੱਚ ਬਦਲਾਅ ਲਿਆਉਣ ਵਾਲੇ ਹੋਰਨਾ ਕਾਰਜਾਂ ਨਾਲ ਵੀ ਜੋੜਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ, ਪੌਦੇ ਲਾਉਣ, ਨਸ਼ਾ ਮੁਕਤੀ ਲਹਿਰ ਵਿੱਚ ਸਰਗਰਮੀ ਆਦਿ ਵਰਗੇ ਕਈ ਖੇਤਰਾਂ ਦੀ ਸ਼ਨਾਖਤ ਕੀਤੀ। ਅੱਜ ਇਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਅੱਠਵੀਂ ਐਨ.ਐਸ.ਐਸ. ਯੂਵਾ ਕਨਵੈਂਸ਼ਨ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਐਨ.ਐਸ.ਐਸ. ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਨਾਲ ਪੈਦਾ ਕਰਨ ਤੋਂ ਇਲਾਵਾ ਆਮ ਲੋਕਾਂ ਦੀ ਵਲੰਟੀਅਰੀ ਤੌਰ ’ਤੇ ਮਦਦ ਤੇ ਭਲਾਈ ਕਰਨ ਲਈ ਵੀ ਪ੍ਰੇਰਤ ਕਰਦੀ ਹੈ। ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ ਨਾਲ ਸਮੁੱਚਾ ਵਿਕਾਸ ਯਕੀਨੀ ਬਣਦਾ ਹੈ ਅਤੇ ਉਸ ਵਿੱਚ ਦਿਆਨਤਦਾਰੀ, ਦਿਆਲੂਪਨ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦੌਰਾਨ ਪ੍ਰੋ. ਅਰਵਿੰਦ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਐਨ.ਐਸ.ਐਸ. ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਰਗਰਮ ਹੋਣ ਦੀ ਸਰਗਰਮ ਹੋਣ ਦੀ ਸਲਾਹ ਦਿੱਤੀ।
 • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਸਾਹਿਤਕਾਰ ਡਾ. ਸੁਖਵਿੰਦਰ ਕੌਰ ਬਾਠ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਨ੍ਹਾਂ 'ਪੰਜਾਬੀ ਲੋਕ ਅਤੇ ਮਾਂ ਬੋਲੀ' ਵਿਸ਼ੇ ਉੱਤੇ ਭਾਸ਼ਣ ਦਿੱਤਾ। ਵਿਭਾਗ ਮੁਖੀ ਡਾ. ਨੀਤੂ ਕੌਸ਼ਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
 • ਪਟਿਆਲਾ, 21 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਕੈਂਪ ਤਹਿਤ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ਼ ਖੂਨਦਾਨ ਕੈਂਪ ਲਗਵਾਇਆ ਗਿਆ। ਸੰਨੀ ਓਬਰਾਏ ਆਰਟਸ ਆਡੀਟੋਰਿਅਮ ਵਿਖੇ ਲਗਾਏ ਇਸ ਕੈਂਪ ਦੌਰਾਨ 151 ਵਲੰਟੀਆਂ ਵੱਲੋਂ ਖੂਨ ਦਾਨ ਕੀਤਾ ਗਿਆ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਖੂਨਦਾਨ ਕੈਂਪ ਦਾ ਦੌਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਵਲੰਟੀਅਰਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ਼ ਸ਼ਰੀਰ ਨੂੰ ਕੋਈ ਨੁਕਸਾਨ ਨਹੀ ਹੁੰਦਾ ਸਗੋਂ ਨਵਾਂ ਖੂਨ ਬਣਨ ਵਿੱਚ ਮਦਦ ਹੁੰਦੀ ਹੈ। ਅਜਿਹਾ ਕਰ ਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ।
 • ਪਟਿਆਲਾ, 21 ਫਰਵਰੀ ਜੇ ਪੰਜਾਬੀ ਮਾਧਿਅਮ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਇਸ ਸੰਬੰਧੀ ਲੋੜੀਂਦੀਆਂ ਕਿਤਾਬਾਂ ਅਤੇ ਹੋਰ ਪੜ੍ਹਨ-ਸਮੱਗਰੀ ਤਿਆਰ ਕਰ ਕੇ ਦੇਣ ਲਈ ਤਿਆਰ ਹੈ। ਉਪ-ਕੁਲਪਤੀ ਪ੍ਰੋੋ. ਅਰਵਿੰਦ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਗਿਆਨੀ ਲਾਲ ਸਿੰਘ ਲੈਕਚਰ ਲੜੀ’ ਅਧੀਨ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਇਹ ਸ਼ਬਦ ਕਹੇ। ਗੂਗਲ ਵੱਲੋਂ ਆਪਣੇ ਏ.ਆਈ. ਚੈਟਬੌਕਸ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਾ ਕਰਨ ਸੰਬੰਧੀ ਅੱਜਕਲ੍ਹ ਭਖੇ ਹੋਏ ਮਸਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਇੱਕ ਪੱਖ ਇਹ ਵੀ ਹੈ ਕਿ ਸਾਨੂੰ ਗੂਗਲ ਜਾਂ ਕਿਸੇ ਹੋਰ ਪ੍ਰਾਈਵੇਟ ਅਦਾਰੇ ਵੱਲ ਵੇਖਣ ਦੀ ਬਜਾਏ ਆਪਣਾ ਵੱਖਰਾ ਓਪਨ-ਸੋਰਸ ਚੈਟ ਬੌਕਸ ਹੀ ਤਿਆਰ ਕਰ ਲੈਣਾ ਚਾਹੀਦਾ ਹੈ। ਜੇ ਇਸ ਸੰਬੰਧੀ ਲੋੜੀਂਦੇ ਫੰਡ ਉਪਲਬਧ ਹੋਣ ਤਾਂ ਇਹ ਕੋਈ ਅਸੰਭਵ ਗੱਲ ਨਹੀਂ ਹੈ।
 • 9 ਫਰਵਰੀ, 2024- ਪੰਜਾਬੀ ਯੂਨੀਵਰਸਿਟੀ ਦੇ ਪ੍ਰਾਣੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ। ‘ਸਿਹਤ ਅਤੇ ਰੋਗ’ ਵਿਸ਼ੇ ਉੱਤੇ ਇਹ ਭਾਸ਼ਣ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਮਰਦੀਪ ਗਰਗ ਵੱਲੋਂ ਦਿੱਤਾ ਗਿਆ। ਉਨ੍ਹਾਂ ਆਪਣੇ ਇਸ ਭਾਸ਼ਣ ਦੌਰਾਨ ਅੱਜ ਦੇ ਮਨੁੱਖ ਦੀ ਜੀਵਨ ਸ਼ੈਲੀ ਅਤੇ ਕਾਰਪੋਰੇਟ ਸੰਸਾਰ ਦੀਆਂ ਸਾਜਿ਼ਸ਼ਾਂ ਨੂੰ ਮਨੁੱਖੀ ਸਿਹਤ ਨਾਲ਼ ਜੋੜ ਕੇ ਅਹਿਮ ਟਿੱਪਣੀਆਂ ਕੀਤੀਆਂ। ਇੱਕ ਅਹਿਮ ਟਿੱਪਣੀ ਵਿੱਚ ਉਨ੍ਹਾਂ ਕਿਹਾ ਕਿ ਮਨੁੱਖ ਆਪਣੀਆਂ ਪੰਜ ਗਿਆਨ ਇੰਦਰੀਆਂ ਦਾ ਗੁਲਾਮ ਜੀਵ ਹੈ। ਇਹੋ ਗੁਲਾਮੀ ਮਨੁੱਖ ਨੂੰ ਤੰਦਰੁਸਤੀ ਤੋਂ ਦੂਰ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੰਮ-ਕਾਜ ਦੇ ਢੰਗ ਬਾਰੇ ਚੇਤੰਨ ਹੋਣ ਦੀ ਲੋੜ ਹੈ। ਕਦੇ ਵੀ ਨਾ ਪੂਰੀਆਂ ਹੋਣ ਵਾਲ਼ੀਆਂ ਫਾਲਤੂ ਦੀ ਇੱਛਾਵਾਂ ਦੀ ਪੂਰਤੀ ਲਈ ਗ਼ਲਤ ਜੀਵਨ ਸ਼ੈਲੀ ਨੂੰ ਅਪਣਾ ਲੈਣਾ ਸਾਨੂੰ ਰੋਗੀ ਬਣਾ ਦਿੰਦਾ ਹੈ। ਮਨ ਦੀ ਸ਼ਾਂਤੀ ਨੂੰ ਦਾਅ ਉੱਤੇ ਲਗਾ ਕੇ ਕੀਤਾ ਗਿਆ ਕੰਮ ਕਾਜ ਕਦੇ ਵੀ ਮਨੁੱਖ ਦੇ ਹਿਤ ਵਿੱਚ ਨਹੀਂ ਹੁੰਦਾ। ਜਿਵੇਂ ਜਿਵੇਂ ਮਨੁੱਖ ਦੀ ਜਿ਼ੰਦਗੀ ਕੁਦਰਤੀ ਜਿਉਣ ਢੰਗ ਤੋਂ ਦੂਰ ਜਾ ਰਹੀ ਹੈ ਓਵੇਂ ਓਵੇਂ ਮਨੁੱਖ ਰੋਗਾਂ ਦੇ ਜਾਲ਼ ਵਿੱਚ ਫਸਦਾ ਜਾ ਰਿਹਾ ਹੈ।
 • 2024/01/09, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਯੂਨੀਵਰਸਿਟੀ ਵਿੱਚ ਸਥਾਪਿਤ ਵੱਖ-ਵੱਖ ਫ਼ੈਕਲਟੀਆਂ ਨਾਲ ਸੰਬੰਧਿਤ ਡੀਨ ਅਤੇ ਇਹਨਾਂ ਫ਼ੈਕਲਟੀਆਂ ਨਾਲ ਸੰਬੰਧਿਤ ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਦੀ ਪਲੇਠੀ ਇਕੱਤਰਤਾ ਆਯੋਜਿਤ ਕਰਵਾਈ ਗਈ। ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਦੇ ਲਗਪਗ 37 ਵਿਭਾਗਾਂ ਵੱਲੋਂ ਨਿਯੁਕਤ ਕੀਤੇ ‘ਪੰਜਾਬੀ ਪ੍ਰਤਿਨਿਧਾਂ’ ਨੇ ਭਾਗ ਲਿਆ। ਉਹਨਾਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਬਣਾਈਆਂ ਨੀਤੀਆਂ ਨੂੰ ਆਪਣੇ ਵਿਭਾਗ ਵਿਖੇ ਪਹੁੰਚਾਉਣ ਲਈ ਆਪਣਾ ਸਹਿਯੋਗ ਦੇਣ ਦੀ ਗੱਲ ਕੀਤੀ। ਇਸ ਇਕੱਤਰਤਾ ਦੇ ‘ਸਵਾਗਤੀ ਸ਼ਬਦ’ ਆਖਦਿਆਂ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇਸ ਇਕੱਤਰਤਾ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਇਕੱਤਰਤਾ ਪੰਜਾਬੀ ਯੂਨੀਵਰਸਿਟੀ ਵਿਖੇ ਪਹਿਲੀ ਵਾਰ ਹੋ ਰਹੀ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਲਗਪਗ ਸਾਰੇ ਵਿਭਾਗ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਇਕੱਤਰਤਾ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੇ ‘ਪੰਜਾਬੀ ਪ੍ਰਤਿਨਿਧਾਂ’ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਤਲਾਸ਼ੇਗਾ।
 • 2024/01/09, ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਪ੍ਰੋ. ਅਮਰਦੀਪ ਸਿੰਘ ਨੇ ਡਾਇਰੈਕਟਰ, ਕਾਂਸਟੀਚੁਐਂਟ ਕਾਲਜ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਸਮੇਂ ਉਪ-ਕੁਲਪਤੀ ਪ੍ਰੋ. ਅਰਵਿੰਦ ਮੌਕੇ ਉੱਤੇ ਪੁੱਜੇ। ਪ੍ਰੋ. ਅਰਵਿੰਦ ਨੇ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਲਵੇ ਦੇ ਪੇਂਡੂ ਖੇਤਰਾਂ ਤੱਕ ਉਚੇਰੀ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ਼ ਸ਼ੁਰੂ ਕੀਤੇ ਗਏ ਪੰਜਾਬੀ ਯੂਨੀਵਰਸਿਟੀ ਦੇ ਇਹ ਕਾਂਸਟੀਚੁਐਂਟ ਕਾਲਜ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ਉੱਤੇ ਇਨ੍ਹਾਂ ਕਾਲਜਾਂ ਰਾਹੀਂ ਮਿਆਰੀ ਅਕਾਦਮਿਕ ਗਤੀਵਿਧੀਆਂ ਅਤੇ ਖੋਜ ਨੂੰ ਪ੍ਰਫੁੱਲਿਤ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰੋ. ਅਮਰਦੀਪ ਸਿੰਘ ਇੰਜਨੀਅਰਿੰਗ ਖੇਤਰ ਨਾਲ਼ ਸੰਬੰਧਤ ਹਨ, ਇਸ ਲਈ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਵੇਗੀ ਕਿ ਉਹ ਇਨ੍ਹਾਂ ਕਾਲਜਾਂ ਦੀ ਬਿਹਤਰੀ ਲਈ ਨਵੇਂ ਪੱਖਾਂ ਤੋਂ ਵੀ ਕਾਰਜਸ਼ੀਲ ਰਹਿਣਗੇ।
 • 2024/01/07, ਲਸਣ ਅਤੇ ਪਿਆਜ ਵਿਚਲੇ ਚਕਿਤਸਕ (ਮੈਡੀਕਲ) ਗੁਣਾਂ ਜਾਂ ਪੈਦਾਵਾਰ ਨੂੰ ਵਧਾਉਣ ਹਿਤ ਇਨ੍ਹਾਂ ਦੀ ਖੇਤੀ ਕਰਨ ਸਮੇਂ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣੇ ਲੋੜੀਂਦੇ ਹਨ; ਇਸ ਸੰਬੰਧੀ ਤੱਥ ਖੋਜਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਖੋਜ ਅਧੀਨ ਵੱਖ-ਵੱਖ ਪ੍ਰਯੋਗ ਕੀਤੇ ਗਏ। ਯੂਨੀਵਰਸਿਟੀ ਦੇ ਫਾਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵਿਖੇ ਡਾ. ਰਿਚਾ ਸ੍ਰੀ ਅਤੇ ਡਾ. ਗੁਲਸ਼ਨ ਬਾਂਸਲ ਦੀ ਨਿਗਰਾਨੀ ਤਹਿਤ ਖੋਜਾਰਥੀ ਹੁਰਮਤ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਇਨ੍ਹਾਂ ਦੋਹਾਂ ਫ਼ਸਲਾਂ ਦੀ ਬਿਜਾਈ ਅਤੇ ਪਾਲਣ ਪੋਸ਼ਣ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕੀਤੇ ਗਏ।
 • 2024/01/06, ਪੰਜਾਬੀ ਯੂਨਵਰਸਿਟੀ ਦੇ ਅਥਲੀਟ ਸਾਗਰ ਨੇ ਤਾਮਿਲਨਾਡੂ ਸਪੋਰਟਸ ਯੂਨੀਵਰਸਿਟੀ ਚੇਨਈ ਵਿਖੇ ਚਲ ਰਹੀ 'ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ 2023-24' ਵਿੱਚ ਜੈਵਲਿਨ ਥਰੋਅ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਗਰ ਨੇ ਇਹ ਪ੍ਰਾਪਤੀ 72.97 ਮੀਟਰ ਦੇ ਫ਼ਾਸਲੇ ਉੱਤੇ ਜੈਵਲਿਨ ਸੁੱਟ ਕੇ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਗਰ ਨੇ ਆਪਣੀ ਇਸ ਪ੍ਰਾਪਤੀ ਨਾਲ਼ 'ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ' ਵਿੱਚ ਹਿੱਸਾ ਲੈਣ ਲਈ ਵੀ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ। ਉਪ ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਖ਼ਿਡਾਰੀ ਅਤੇ ਉਸ ਦੇ ਕੋਚ ਧਰਮਿੰਦਰਪਾਲ ਸਿੰਘਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ।
 • 2024/01/01, ਪੰਜਾਬੀ ਯੂਨੀਵਰਸਿਟੀ ਵਿਖੇ ਗ਼ੈਰ ਵਾਜਿਬ ਮੰਗਾਂ ਲਈ ਬਜ਼ਿੱਦ ਮੁੱਖ ਗੇਟ ਉੱਤੇ ਬੈਠੇ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਅਤੇ ਅਢੁਕਵੇਂ ਵਤੀਰੇ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੂਨੀਵਰਸਿਟੀ ਵਿਖੇ ਪੜ੍ਹਨ-ਪੜ੍ਹਾਉਣ ਦੇ ਮਾਹੌਲ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਇਹਤਿਆਤੀ ਕਦਮ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਨਾਲ਼ ਵਾਰ-ਵਾਰ ਗੱਲਬਾਤ ਕੀਤੀ ਗਈ ਸੀ। ਗੱਲਬਾਤ ਦੌਰਾਨ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਕਾਨੂੰਨ ਅਨੁਸਾਰ ਜੋ ਵੀ ਲਾਭ ਉੱਚਿਤ ਹੋਵੇਗਾ ਉਹ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇਗਾ। ਉਹਨਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਕਾਨੂੰਨੀ ਤੌਰ ਉੱਤੇ ਗ਼ੈਰ-ਵਾਜਬ ਹਨ। ਨਾਲ਼ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੁਰੱਖਿਆ ਸੰਬੰਧੀ ਸੇਵਾਵਾਂ ਕਿਸੇ ਵੀ ਅਦਾਰੇ ਦੀਆਂ ਲਾਜ਼ਮੀ ਸੇਵਾਵਾਂ ਵਾਲ਼ੀ ਸ਼ਰੇਣੀ ਵਿੱਚ ਆਉਂਦੀਆਂ ਹਨ। ਇਸ ਲਈ ਇਹ ਸੇਵਾਵਾਂ ਹਰ ਹਾਲਤ ਵਿੱਚ ਜਾਰੀ ਰਹਿਣੀਆਂ ਲਾਜ਼ਮੀ ਹੁੰਦੀਆਂ ਹਨ। ਸੁਰੱਖਿਆ ਸੇਵਾਵਾਂ ਦੇ ਇਸ ਖਾਸੇ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਬੇਸ਼ੱਕ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹਿਣ ਪਰ ਨਾਲ਼ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਆਪਣਾ ਕੰਮ ਕਾਜ ਵੀ ਜਾਰੀ ਰੱਖਣ ਤਾਂ ਕਿ ਅਦਾਰੇ ਨੂੰ ਸੁਰੱਖਿਆ ਪੱਖੋਂ ਕਿਸੇ ਵੀ ਕਿਸਮ ਦੇ ਖਦਸ਼ੇ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਮਜ਼ਬੂਰੀਵੱਸ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਸੀ।
 • 2023/12/29, ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਮੁੱਖ ਗੇਟ ਉੱਤੇ ਬੈਠੇ ਧਰਨਾਕਾਰੀ ਵਿਦਿਆਰਥੀਆਂ ਨਾਲ਼ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗੱਲਬਾਤ ਕੀਤੀ ਗਈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਵਿਦਿਆਰਥੀ ਨਾਲ਼ ਕਿਸੇ ਕਿਸਮ ਦੀ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਹਰੇਕ ਵਿਦਿਆਰਥੀ/ਧਿਰ ਨੂੰ ਉਸ ਦਾ ਬਣਦਾ ਇਨਸਾਫ਼ ਦਿਵਾਇਆ ਜਾਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਕੈਂਪਸ ਵਿੱਚ ਕਿਸੇ ਵੀ ਕਿਸਮ ਦੀ ਵਧੀਕੀ ਨਾ ਕਰਨ/ਹੋਣ ਦੇਣ ਸੰਬੰਧੀ ਆਪਣੀ ਫ਼ਰਜ਼ਾਂ ਬਾਰੇ ਵਚਨਬੱਧ ਵੀ ਹੈ ਅਤੇ ਚੇਤੰਨ ਵੀ ਹੈ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਪੱਖੋਂ ਦ੍ਰਿੜ ਹੈ ਕਿ ਕੈਂਪਸ ਵਿੱਚ ਨਾ ਕਿਸੇ ਨਾਲ਼ ਕੋਈ ਵਧੀਕੀ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਨੂੰ ਵਧੀਕੀ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਯੂਨੀਵਰਸਿਟੀ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨਾਲ਼ ਜੁੜਿਆ ਅਦਾਰਾ ਹੈ। ਇਸ ਲਈ ਇੱਥੋਂ ਦੇ ਅਕਾਦਮਿਕ ਮਾਹੌਲ ਨੂੰ ਬਰਕਰਾਰ ਰੱਖਣ ਲਈ ਹਰ ਲੋੜੀਂਦਾ ਕਦਮ ਉਠਾਇਆ ਜਾਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਭਰੋਸੇ ਨਾਲ਼ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕੜਾਕੇ ਦੀ ਠੰਢ ਵਿੱਚ ਲਗਾਏ ਆਪਣੇ ਧਰਨੇ ਨੂੰ ਤੁਰੰਤ ਖ਼ਤਮ ਕਰਨ ਤਾਂ ਕਿ ਉਨ੍ਹਾਂ ਨੂੰ ਸਿਹਤ ਅਤੇ ਪੜ੍ਹਾਈ ਪੱਖੋਂ ਕੋਈ ਨੁਕਸਾਨ ਨਾ ਪਹੁੰਚੇ।
 • 2023/12/29, ਪੰਜਾਬੀ ਯੂਨੀਵਰਸਿਟੀ ਵਿਖੇ ਇਨ੍ਹੀਂ ਦਿਨੀਂ ਦੇਸ ਭਰ ਤੋਂ ਕੌਮਾਂਤਰੀ ਪੱਧਰ ਦੇ ਤੀਰਅੰਦਾਜ਼ ਪਹੁੰਚੇ ਹੋਏ ਹਨ। ਯੂਨੀਵਰਸਿਟੀ ਵਿਖੇ ਚੱਲ ਰਹੀ 'ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ' ਵਿੱਚ ਸਮੁੱਚੇ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਤੀਰਅੰਦਾਜ਼, ਜਿਨ੍ਹਾਂ ਵਿੱਚ ਵਿਸ਼ਵ ਪੱਧਰ ਰਿਕਾਰਡ ਹੋਲਡਰ ਵੀ ਸ਼ਾਮਿਲ ਹਨ,ਪਹੁੰਚੇ ਹੋਏ ਹਨ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਹਰ ਸਾਲ ਕਰਵਾਈ ਜਾਂਦੀ ਇਹ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਤੀਜੀ ਵਾਰ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਹੀ ਹੈ। ਇਸ ਤੋਂ ਪਹਿਲਾਂ 2013 ਅਤੇ 2016 ਵਿੱਚ ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਸੀ।
 • 2023/12/26, ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਵਿਭਾਗ ਤੋਂ ਪ੍ਰੋਫੈਸਰ ਡਾ. ਧਰਮਵੀਰ ਸ਼ਰਮਾ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਲਈ ਖੋਜ ਕੇਂਦਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੇਂਦਰ ਨੇ ਪਿਛਲੇ ਸਾਲਾਂ ਦੌਰਾਨ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾ. ਧਰਮਵੀਰ ਸ਼ਰਮਾ ਨੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕੇਂਦਰ ਦੇ ਅੱਗੇ ਵਧਣ ਅਤੇ ਪੰਜਾਬੀ ਭਾਸ਼ਾ ਨੂੰ ਤਕਨੀਕ ਨਾਲ ਜੋੜ ਕੇ ਇਸ ਦੇ ਵਿਕਾਸ ਦੇ ਨਵੇਂ ਕਾਰਜ ਖੇਤਰਾਂ ਦੀ ਖੋਜ ਕੀਤੀ ਜਾਵੇਗੀ। ਓਪਨ ਸੋਰਸ ਸਾਫਟਵੇਅਰ ਵੱਲ ਵਧਣਾ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਦਿਸ਼ਾ ਵਿੱਚ ਅਗਲੇ ਪੜਾਵਾਂ ਵਿੱਚ ਕੰਮ ਕਰਨਾ ਅਕੀਦਿਆਂ ਵਿੱਚੋਂ ਇੱਕ ਹੋਵੇਗਾ।
 • 2023/12/21, ਪੰਜਾਬੀ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ ਵੱਲੋਂ ਯੂਨੀਵਰਸਿਟੀ ਗਰਾਂਟ ਜਾਰੀ ਕੀਤੇ ਜਾਣ ਦੇ ਮਸਲੇ ਉੱਤੇ ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਿਧਾਇਕ ਨਰਿੰਦਰ ਕੌਰ ਭਰਾਜ, ਪੰਜਾਬੀ ਯੂਨੀਵਰਸਿਟੀ ਦੇ ਅਲੂਮਨੀ ਚੇਅਰਮੈਨ ਮਿਲਕਫੈੱਡ, ਨਰਿੰਦਰ ਸਿੰਘ ਸ਼ੇਰਗਿੱਲ ਅਤੇ ਵੀ ਹਾਜ਼ਰ ਸਨ। ਵਿੱਤ ਮੰਤਰੀ ਸ੍ਰ. ਚੀਮਾ ਨੇ ਇਸ ਮੀਟਿੰਗ ਦੌਰਾਨ ਦੱਸਿਆ ਕਿ ਵਿਧਾਨ ਸਭਾ ਵਿੱਚ ਪੰਜਾਬੀ ਯੂਨੀਵਰਸਿਟੀ ਲਈ ਜਿੰਨੀ ਗਰਾਂਟ ਦਾ ਵਾਅਦਾ ਕੀਤਾ ਗਿਆ ਸੀ ਉਸ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਾਅਦੇ ਅਨੁਸਾਰ ਐਲਾਨੀ ਗਈ ਗਰਾਂਟ ਦੀ ਬਕਾਇਆ ਰਾਸ਼ੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਡਾ. ਨਾਗਰ ਸਿੰਘ ਮਾਨ ਵੱਲੋਂ ਯੂਨੀਵਰਸਿਟੀ ਵਿਖੇ ਹੋ ਰਹੇ ਵੱਖ-ਵੱਖ ਕੰਮਾਂ-ਕਾਜਾਂ ਅਤੇ ਯੂਨੀਵਰਸਟੀ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਉੱਤੇ ਵਿੱਤ ਮੰਤਰੀ ਨੇ ਤਸੱਲੀ ਪ੍ਰਗਟਾਈ। ਵਿੱਤ ਮੰਤਰੀ ਸ੍ਰ. ਚੀਮਾ ਵੱਲੋਂ ਅਗਲੇ ਹਫ਼ਤੇ ਮੰਗਲਵਾਰ ਨੂੰ ਸਵੇਰੇ 11:30 ਵਜੇ ਪੰਜਾਬੀ ਯੂਨੀਵਰਸਿਟੀ ਦੇ ਭਵਿੱਖ ਦੇ ਵਿੱਤੀ ਇਤਜ਼ਾਮ ਸਬੰਧੀ ਮੀਟਿੰਗ ਸੱਦੀ ਹੈ।
 • 2023/12/21, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਇੱਕ ਨਵੀਂ ਭਾਸ਼ਣ ਲੜੀ ਸ਼ੁਰੂ ਕੀਤੀ ਗਈ ਹੈ। ‘ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਭਾਸ਼ਣ ਲੜੀ’ ਤਹਿਤ ਪਲੇਠਾ ਭਾਸ਼ਣ ਡਾ. ਸਰਬਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਸਹਿਸੰਯੋਜਕ ਵਜੋਂ ਭੂਮਿਕਾ ਨਿਭਾਈ ਗਈ। ਡਾ. ਸਰਬਜਿੰਦਰ ਸਿੰਘ ਨੇ ਆਪਣੇ ਭਾਵਪੂਰਤ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਹੋਰ ਨਿਸ਼ਠਾ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਲੇ ਸਮੇਂ ਬਾਰੇ ਦੂਜੀਆਂ ਭਾਸ਼ਾਵਾਂ ਵਿੱਚ ਲਿਖੇ ਗਏ ਇਤਿਹਾਸ ਨੂੰ ਫਰੋਲਣਾ ਚਾਹੀਦਾ ਹੈ ਕਿਉਂਕਿ ਸਾਡਾ ਬਹੁਤ ਸਾਰਾ ਇਤਿਹਾਸ ਅਜੇ ਅਣਗੌਲਿ਼ਆ ਪਿਆ ਹੈ।
 • 2023/12/19, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇੰਜੀਨੀਅਰਿੰਗ ਵਿੰਗ ਦੇ ਵਿਦਿਆਰਥੀਆਂ ਨੇ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਵਿੱਚ 24 ਲੱਖ ਰੁਪਏ ਪ੍ਰਤੀ ਸਾਲ ਤੱਕ ਦੇ ਪੈਕੇਜ ਨਾਲ਼ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਵਿਦਿਆਰਥੀਆਂ ਨੂੰ ਇਹ ਨੌਕਰੀਆਂ ਐੱਲ. ਐਂਡ ਟੀ., ਕੇ. ਪੀ. ਐੱਮ. ਜੀ., ਕੁਆਰਕ, ਐੱਚ. ਆਰ. ਬਲੌਕ ਆਦਿ ਕੰਪਨੀਆਂ ਵਿੱਚ ਮਿਲੀਆਂ ਹਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਪ੍ਰਾਪਤੀ ਉੱਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਇੰਜੀਨੀਅਰਿੰਗ ਵਿੰਗ ਵਿਚਲੇ ਪਲੇਸਮੈਂਟ ਸੈੱਲ ਦੀ ਟੀਮ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂ ਵਿਸ਼ਵ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ਅਤੇ ਪਹਿਲਾਂ ਪ੍ਰਾਪਤ ਨੌਕਰੀਆਂ ਦੀ ਵੀ ਛਾਂਟੀ ਚਲਦੀ ਰਹਿੰਦੀ ਹੈ ਤਾਂ ਅਜਿਹੇ ਦੌਰ ਵਿੱਚ ਚੰਗੀਆਂ ਕੰਪਨੀਆਂ ਵਿੱਚ ਚੰਗੀਆਂ ਥਾਵਾਂ ਉੱਤੇ ਨੌਕਰੀ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇਕ ਮਾਣਯੋਗ ਪ੍ਰਾਪਤੀ ਹੈ।
 • 2023/09/09, ਪੰਜਾਬੀ ਯੂਨੀਵਰਸਿਟੀ ਨੇ ਇਸ ਵਾਰ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ਉੱਤੇ ਐੱਮ. ਏ. ਅਤੇ ਬੀ. ਏ. ਕੋਰਸ ਕਰਵਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਾਈਵੇਟ ਇਮਤਿਹਾਨ ਦੀ ਇਹ ਸੁਵਿਧਾ ਸਿਰਫ਼ ਲੜਕੀਆਂ ਲਈ ਹੀ ਸੀ। ਯੂਨੀਵਰਸਿਟੀ ਨੇ ਇਸ ਸੰਬੰਧੀ ਹਦਾਇਤਾਂ ਆਪਣੀ ਵੈਬਸਾਈਟ ਉੱਤੇ ਪ੍ਰਦਰਸ਼ਿਤ ਕਰ ਦਿੱਤੀਆਂ ਹਨ। ਪ੍ਰਾਈਵੇਟ ਤੌਰ ਉੱਤੇ ਬੀ.ਏ. ਕੋਰਸ ਵਿਚ ਅਪੀਅਰ ਹੋਣ ਲਈ ਪਾਤਰਤਾ/ਜ਼ਰੂਰੀ ਹਦਾਇਤਾਂ ਵਿੱਚ ਸ਼ਾਮਿਲ ਹੈ ਕਿ ਹਰੇਕ ਭਾਗ/ਸਮੈਸਟਰ ਵਿਚ ਇਮਤਿਹਾਨ ਨੂੰ ਪਾਸ ਕਰਨ ਲਈ ਲੋੜੀਂਦੇ ਅੰਕਾਂ ਦੀ ਨਿਊਨਤਮ ਸੰਖਿਆ ਹਰੇਕ ਵਿਸ਼ੇ ਵਿਚ 35 ਪ੍ਰਤੀਸ਼ਤ ਹੋਵੇਗੀ। ਪ੍ਰਾਈਵੇਟ ਵਿਦਿਆਰਥੀਆਂ ਵਾਸਤੇ ਕੋਈ ਅੰਦਰੂਨੀ ਮੁਲਾਂਕਣ ਨਹੀਂ ਹੋਵੇਗਾ। ਬੀ.ਏ. ਭਾਗ ਪਹਿਲਾ ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਕਾਲਜ/ਐਫੀਲਿਏਟਡ ਕਾਲਜ ਵਿਖੇ ਹੀ ਹੋਵੇਗੀ। ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸਾ ਨਹੀਂ ਲੈ ਸਕਦਾ।
 • 2023/09/07, ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵਿਖੇ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ, ਨਵੀਂ ਦਿੱਲੀ ਅਤੇ ਸੰਸਕ੍ਰਿਤ ਭਾਰਤੀ ਪੰਜਾਬ ਸੰਸਥਾ ਦੇ ਸਹਿਯੋਗ ਨਾਲ ਲਗਾਈ ਗਈ ਦਸ ਰੋਜ਼ਾ ਸੰਸਕ੍ਰਿਤ ਵਰਕਸ਼ਾਪ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਸਮਾਪਤੀ ਸਮਾਰੋਹ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਸੰਸਕ੍ਰਿਤ ਭਾਰਤੀ ਦੇ ਉੱਤਰੀ ਜ਼ੋਨ ਸੰਗਠਨ ਮੰਤਰੀ ਡਾ. ਨਰਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਇਤਿਹਾਸਕ ਪਰੰਪਰਾ ਨੂੰ ਜਿਉਂਦਾ ਰੱਖਣ ਲਈ ਸੰਸਕ੍ਰਿਤ ਦਾ ਅਧਿਐਨ ਕਰਨਾ ਚਾਹੀਦਾ ਹੈ | ਉਨ੍ਹਾਂ ਪੰਜਾਬ ਦੀ ਅਮੀਰ ਵੈਦਿਕ ਪਰੰਪਰਾ ਅਤੇ ਮਹਾਭਾਰਤ ਕਾਲ ਨਾਲ ਸਬੰਧਤ ਵਿਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜੋ ਲੋਕ ਸੰਸਕ੍ਰਿਤ ਭਾਸ਼ਾ ਪੜ੍ਹ ਕੇ ਆਪਣੀ ਪੁਰਾਤਨ ਗਿਆਨ ਪਰੰਪਰਾ ਨਾਲ ਜੁੜ ਸਕਣ। ਡੀਨ ਭਾਸ਼ਾਵਾਂ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਕ੍ਰਿਤ ਅਤੇ ਪੰਜਾਬੀ ਦਾ ਆਪਸ ਵਿੱਚ ਡੂੰਘਾ ਸਬੰਧ ਹੈ। ਉਨ੍ਹਾਂ ਕਿਹਾ ਕਿ ਵਿਸ਼ਿਆਂ ਦੇ ਇਸ ਸੰਬਧ ਨੂੰ ਨਿਰਪੱਖ ਢੰਗ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।
 • ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 18 ਦਸੰਬਰ ਨੂੰ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੇ ਇਮਤਿਹਾਨ ਬਿਨਾ ਕਿਸੇ ਵਿਘਨ ਤੋਂ ਸਫਲਤਾਪੂਰਵਕ ਨੇਪਰੇ ਚੜ੍ਹੇ ਜਿਸ ਬਾਰੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਬਕਾਇਦਗੀ ਸਹਿਤ ਪਰੈੱਸ ਰਿਲੀਜ਼ ਅਤੇ ਸੋਸ਼ਲ ਮੀਡੀਆ ਦੇ ਮਾਧਿਅਮਾਂ ਰਾਹੀਂ ਧੰਨਵਾਦ ਵੀ ਕੀਤਾ ਗਿਆ ਸੀ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਵੀ ਪਰੈੱਸ ਬਿਆਨ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਇਮਤਿਹਾਨ ਦੇ 57 ਕੇਂਦਰ ਹਨ ਅਤੇ 18 ਦਸੰਬਰ ਨੂੰ 38 ਕੇਂਦਰ ਸਰਗਰਮ ਸਨ ਜਿਨ੍ਹਾਂ ਦੇ ਸਮੂਹ ਸੁਪਰਡੈਂਟ ਯੂਨੀਵਰਸਿਟੀ ਦੇ ਅਧਿਆਪਕ ਸਾਹਿਬਾਨ ਸਨ। ਇਨ੍ਹਾਂ ਵਿੱਚੋਂ ਸਿਰਫ਼ ਚਾਰ ਕੇਂਦਰਾਂ ਵਿੱਚ ਯੂਨੀਵਰਸਿਟੀ ਮਾਡਲ ਸਕੂਲ ਦੇ ਅਧਿਆਪਕ ਸਾਹਿਬਾਨ ਨੂੰ ਤਾਇਨਾਤ ਕੀਤਾ ਗਿਆ ਸੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਨੇਬਰਹੁੱਡ ਕੈਂਪਸ ਅਤੇ ਰਿਜਨਲ ਸੈਂਟਰਾਂ ਵਿੱਚ 11 ਕੇਂਦਰ ਸਨ ਜਿਨ੍ਹਾਂ ਉੱਤੇ ਤਾਇਨਾਤ ਸਮੁੱਚਾ ਅਮਲਾ ਯੂਨੀਵਰਸਿਟੀ ਦੇ ਅਧਿਆਪਕ ਸਨ। ਵਰਨਣਯੋਗ ਹੈ ਕਿ ਇਮਤਿਹਾਨ ਦੀ ਪ੍ਰਕ੍ਰਿਆ ਵਿੱਚ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲਾ ਸ਼ਾਮਿਲ ਰਹਿੰਦਾ ਹੈ। ਇਮਤਿਹਾਨ ਦੀ ਪ੍ਰਕ੍ਰਿਆ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਵਿਚਕਾਰ ਕੜੀ ਹੈ ਜਿੱਥੇ ਲਗਾਤਾਰ ਦੁਵੱਲਾ ਸਹਿਯੋਗ ਲੋੜੀਂਦਾ ਹੈ
 • 2023/09/05, ਯੂਨੀਵਰਸਿਟੀ ਕੈਂਪਸ ਵਿੱਚ ਵਾਤਾਵਰਣ ਪ੍ਰਤੀ ਦੋਸਤਾਨਾ ਪਹੁੰਚ ਅਪਣਾਏ ਰੱਖਣ ਦੇ ਮਕਸਦ ਨਾਲ਼ ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਕੈਂਪਸ ਦੀ 'ਰੈਜ਼ੀਡੈਂਟ ਵੈਲਫ਼ੇਅਰ ਐਸੋਸੀਏਸ਼ਨ' ਨਾਲ ਮਿਲ ਕੇ ਰਸੋਈ ਦੀ ਹਰੀ ਰਹਿੰਦ ਖੂੰਹਦ (ਗਰੀਨ ਵੇਸਟ) ਨੂੰ ਘਰਾਂ ਦੇ ਬਗੀਚੇ ਆਦਿ ਵਿੱਚ ਖਾਦ ਵਜੋਂ ਲਾਹੇਵੰਦ ਬਣਾਉਣ ਬਾਰੇ ਕੈਂਪਸ ਵਾਸੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਰਿਹਾਇਸ਼ੀ ਖੇਤਰਾਂ ਵਿੱਚ ਘਰਾਂ ਵਿੱਚ ਰੱਖੇ ਹਰੇ ਕੂੜੇ ਅਤੇ ਰਸੋਈ ਦੇ ਕੂੜੇ ਦੇ ਪ੍ਰਬੰਧਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ। ਪ੍ਰੋ. ਅਰਵਿੰਦ ਦੱਸਿਆ ਕਿ ਕਿਵੇਂ ਘਰੇਲੂ ਕੂੜੇ ਸਮੇਤ ਬਗੀਚੇ ਦੇ ਕੂੜੇ ਦਾ ਨਿਪਟਾਰਾ ਵਿਹੜੇ ਦੀ ਮਿੱਟੀ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿੱਥੇ ਘਰਾਂ ਵਿੱਚ ਖੁੱਲ੍ਹੀ ਥਾਂ ਨਹੀਂ ਹੈ ਓਥੇ ਬਰਤਨਾਂ ਵਿੱਚ ਵੀ ਖਾਦ ਬਣਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਵਿੱਚ ਅਜਿਹੀ ਰਹਿੰਦ-ਖੂੰਹਦ ਦੇ ਸੜਨ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਜੈਵਿਕ ਘਰੇਲੂ ਬਾਗਬਾਨੀ ਦੀ ਸਹੂਲਤ ਮਿਲਦੀ ਹੈ।
 • 2023/09/05, ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ 'ਅਕਾਦਮਿਕ ਖੇਤਰ ਵਿੱਚ ਔਰਤ ਅਗਵਾਈ' ਵਿਸ਼ੇ ਉੱਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਵਾਈਸ-ਚਾਂਸਲਰ ਰਹੇ ਡਾ. ਇੰਦਰਜੀਤ ਕੌਰ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਤੋਂ ਪ੍ਰਿੰਸੀਪਲ ਸਕੱਤਰ ਜਸਪ੍ਰੀਤ ਤਲਵਾਰ ਅਤੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਅਯੋਧਿਆ (ਯੂ.ਪੀ.) ਤੋਂ ਵਾਈਸ ਚਾਂਸਲਰ ਪ੍ਰੋ. ਪ੍ਰਤਿਭਾ ਗੋਇਲ ਨੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਮੁੱਖ ਸੁਰ ਭਾਸ਼ਣ ਦੌਰਾਨ ਪ੍ਰੋ. ਪ੍ਰਤਿਭਾ ਗੋਇਲ, ਜੋ ਪੰਜਾਬੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਰਹੇ ਹਨ, ਨੇ ਔਰਤਾਂ ਦੀ ਅਕਾਦਮਿਕ ਖੇਤਰ ਵਿੱਚ ਅਗਵਾਈ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਤਕਰੀਬਨ 75 ਯੂਨੀਵਰਸਿਟੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਵਾਈਸ ਚਾਂਸਲਰ ਵਜੋਂ ਅਗਵਾਈ ਔਰਤਾਂ ਕਰ ਰਹੀਆਂ ਹਨ।
 • 2023/09/01, ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਚੰਦਰਯਾਨ-3 ਮਿਸ਼ਨ ਵਿਸ਼ੇ ਉੱਤੇ ਸਪੈਸ਼ਲ ਭਾਸ਼ਣ ਕਰਵਾਇਆ ਗਿਆ। ਭੌਤਿਕ ਵਿਗਿਆਨ ਵਿਭਾਗ ਵੱਲੋਂ ਆਊਟਰੀਚ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਅੰਦਰ ਵਿਗਿਆਨਿਕ ਚੇਤਨਾ ਲਿਆਉਣ ਦੇ ਪ੍ਰਯੋਜਨ ਵਜੋਂ ਚੰਦਰਯਾਨ-3 ਮਿਸ਼ਨ ਵਿਸ਼ੇ ਉੱਤੇ ਸਪੈਸ਼ਲ ਲੈਕਚਰ-ਕਮ-ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵਿਭਾਗ ਮੁਖੀ, ਡਾ. ਅਨੂਪ ਠਾਕੁਰ ਨੇ ਕਿਹਾ ਕਿ ਭੌਤਿਕ ਵਿਗਿਆਨ ਵਿਭਾਗ ਦੀ ਪੁਰਾਣੇ ਸਮੇਂ ਤੋਂ ਇਹ ਰੀਤ ਰਹੀ ਹੈ ਕਿ ਵਿਭਾਗ ਦੇ ਅਧਿਆਪਨ ਅਤੇ ਖੋਜ-ਕਾਰਜਾਂ ਦੇ ਨਾਲ-ਨਾਲ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਵਿਚ ਵਿਗਿਆਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲੇ ਕੀਤੇ ਜਾਣ। ਅਜਿਹੇ ਪ੍ਰੋਗਰਾਮ ਕਰਨ ਨਾਲ ਸਮਾਜ ਵਿਚ ਤਰਕਸ਼ੀਲ ਸੋਚ ਦੇ ਨਾਲ ਵਿਗਿਆਨਕ ਚੇਤਨਾ ਦਾ ਪਸਾਰਾ ਹੁੰਦਾ ਹੈ। ਇਸ ਪ੍ਰੋਗਰਾਮ ਦੇ ਮੁੱਖ ਵਕਤਾ ਡਾ. ਕਰਮਜੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫ਼ੈਸਰ, ਭੋਤਿਕ ਵਿਗਿਆਨ ਵਿਭਾਗ ਨੇ ਆਪਣੇ ਭਾਸ਼ਣ ਦੌਰਾਨ ਬ੍ਰਹਿਮੰਡ ਦੀ ਉਤਪਤੀ ਤੋਂ ਲੈ ਕੇ ਅਜੋਕੇ ਚੰਦਰਯਾਨ ਮਿਸ਼ਨ ਤਕ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ, ਭਾਰਤ ਦੀਆਂ ਪੁਲਾੜ ਖੋਜ ਖੇਤਰ ਵਿਚ ਛੂਹੀਆਂ ਬੁਲੰਦੀਆਂ ਦਾ ਤਫ਼ਸੀਲ ਨਾਲ ਵਿਖਿਆਨ ਕੀਤਾ। ਉਨ੍ਹਾਂ ਕਿਹਾ ਕਿ ਅਜੋਕਾ ਵਿਗਿਆਨ ਭਾਵੇਂ ਰੋਜਾਨਾ ਨਵੇਂ ਦਿਸਹੱਦੇ ਸਿਰਜ ਰਿਹਾ ਹੈ, ਪ੍ਰੰਤੂ ਅਜੇ ਵੀ ਅਸੀਮ ਕੁਦਰਤ ਬਾਰੇ ਬਹੁਤ ਕੁਝ ਜਾਣਨਾ ਬਾਕੀ ਹੈ। ਇਸ ਪ੍ਰੋਗਰਾਮ ਵਿਚ 200 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਗਿਆਨ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ। ਸਮਾਗਮ ਦੇ ਆਖ਼ੀਰ ਵਿਚ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਯੂਨੀਵਰਸਿਟੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਇੰਚਾਰਜ, ਡਾ. ਬਾਲ ਕ੍ਰਿਸ਼ਨ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਵਿਭਾਗ ਦਾ ਧੰਨਵਾਦ ਕੀਤਾ। ਇਸ ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਡਾ. ਮਹਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ ਭੌਤਿਕ ਵਿਗਿਆਨ ਵਿਭਾਗ ਨੇ ਨਿਭਾਈ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਕੂਲੀ ਅਧਿਆਪਕ ਵੀ ਸ਼ਾਮਿਲ ਸਨ।
 • 2023/08/29, ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 'ਸਰਦਾਰਨੀ ਕੈਲਾਸ਼ ਕੌਰ ਯਾਦਗਾਰੀ ਭਾਸ਼ਣ' ਕਰਵਾਇਆ ਗਿਆ ਜਿਸ ਵਿਚ ਚੰਡੀਗੜ੍ਹ ਤੋਂ ਪ੍ਰਸਿੱਧ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਦਿੱਲੀ ਤੋਂ ਡਾ. ਹਰਵਿੰਦਰ ਸਿੰਘ ਅਤੇ ਮੋਹਾਲੀ ਤੋਂ ਸ. ਹਰਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ 'ਭਾਈ ਵੀਰ ਸਿੰਘ ਜੀ : ਅਪ੍ਰਕਾਸ਼ਿਤ ਪੱਤਰ' ਸਿਰਲੇਖ ਅਧੀਨ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਵੱਲੋਂ ਸਾਂਝੇ ਤੌਰ ਉੱਤੇ ਤਿਆਰ ਕੀਤੀ ਗਈ ਪੁਸਤਕ ਲੋਕ ਅਰਪਣ ਕੀਤੀ ਗਈ। ਵਿਭਾਗ ਮੁਖੀ ਡਾ. ਪਰਮਵੀਰ ਸਿੰਘ ਵੱਲੋਂ ਯਾਦਗਾਰੀ ਭਾਸ਼ਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਾਜ਼ਰ ਸਰੋਤਿਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 1993 ਵਿਚ ਇਹ ਲੈਕਚਰ 'ਇਨਸਾਈਕਲੋਪੀਡੀਆ ਆਫ਼ ਸਿੱਖ਼ਿਜ਼ਮ' ਦੇ ਐਡੀਟਰ-ਇਨ-ਚੀਫ਼ ਪ੍ਰੋ. ਹਰਬੰਸ ਸਿੰਘ ਵੱਲੋਂ ਆਪਣੀ ਸੁਪਤਨੀ ਸਰਦਾਰਨੀ ਕੈਲਾਸ਼ ਕੌਰ ਦੀ ਯਾਦ ਵਿਚ ਅਰੰਭ ਕੀਤਾ ਗਿਆ ਸੀ ਅਤੇ ਇਸੇ ਲੜੀ ਅਧੀਨ ਇਹ ਨਿਰੰਤਰ ਜਾਰੀ ਹੈ।
 • 2023/08/24, ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਜਿਹੇ ਬਹੁਤ ਸਾਰੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਲਈ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ ਕੀਤੀ ਹੈ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਵਿੱਚ ਇਸ ਸਾਫ਼ਟਵੇਅਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਨਵੇਂ ਸਾਫ਼ਟਵੇਅਰ ਵਿੱਚ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਆਦਿ ਸੇਵਾਵਾਂ ਦਾ ਮੁਆਇਨਾ ਵੀ ਕੀਤਾ ਗਿਆ। ਉਨ੍ਹਾਂ ਲਾਇਬ੍ਰੇਰੀ ਇੰਚਾਰਜ ਅਤੇ ਸਮੂਹ ਸਟਾਫ਼ ਨੂੰ ਇਸ ਨਵੇਂ ਸਾਫ਼ਟਵੇਅਰ ਨੂੰ ਅਪਣਾਏ ਜਾਣ ਦਾ ਕੰਮ ਮੁਕੰਮਲ ਹੋਣ ਉੱਤੇ ਵਧਾਈ ਦਿੱਤੀ
 • 2023/08/23, ਨੌਜਵਾਨ ਸੁਚੇਤ ਹੋਣ ਕਿ ਹਰ ਖ਼ਰੀਦ ਦਾ ਬਿਲ ਲਿਆ ਜਾਵੇ ਤਾਂ ਜੋ ਉਹ ਟੈਕਸ ਚੋਰੀ ਦਾ ਹਿੱਸਾ ਨਾ ਬਣਨ' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਏ 'ਜੀ-20 ਯੂਨੀਵਰਸਿਟੀ ਕੁਨੈਕਟ' ਪ੍ਰੋਗਰਾਮ ਵਿਖੇ ਮੁੱਖ ਮਹਿਮਾਨ ਵਜੋਂ ਆਪਣੇ ਬੋਲ ਸਾਂਝੇ ਕਰਦਿਆਂ ਕੀਤਾ। ਇਹ ਪ੍ਰੋਗਰਾਮ ਰਿਸਰਚ ਐਂਡ ਇਨਫ਼ਰਮੇਸ਼ਨ ਸਿਸਟਮ (ਆਰ. ਆਈ. ਐੱਸ.) ਫ਼ਾਰ ਡਿਵੈਲਪਿੰਗ ਕੰਟਰੀਜ਼, ਨਵੀਂ ਦਿੱਲੀ ਵੱਲੋਂ ਕਰਵਾਇਆ ਗਿਆ। ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਸੈਨੇਟ ਹਾਲ ਵਿਖੇ ਹੋਏ ਇਸ ਪ੍ਰੋਗਰਾਮ ਵਿੱਚ ਬੋਲਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਉਹ ਵੱਖ-ਵੱਖ ਕਦਮ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਆਮਦਨ ਵਜੋਂ ਮੁੱਖ ਭੂਮਿਕਾ ਨਿਭਾਉਣ ਵਾਲੇ ਮਾਲੀਏ ਨੂੰ ਵਧਾਉਣ ਲਈ ਉਹ ਵੱਖ-ਵੱਖ ਕਿਸਮ ਦੇ ਭ੍ਰਿਸ਼ਟਾਚਾਰ ਅਤੇ ਟੈਕਸ ਤੋਂ ਬਚਾਅ ਲਈ ਅਪਣਾਈਆਂ ਜਾਂਦੀਆਂ ਚੋਰ-ਮੋਰੀਆਂ ਨੂੰ ਬੰਦ ਕਰਨ ਲਈ ਕਦਮ ਉਠਾ ਰਹੇ ਹਨ। ਜੀ.ਐੱਸ.ਟੀ. ਮਾਲੀਏ ਬਾਰੇ ਗੱਲ ਕਰਦਿਆਂ ਉਨ੍ਹਾਂ ਖੁਸ਼ੀ ਸਹਿਤ ਦੱਸਿਆ ਕਿ ਸੂਬਾ ਸਰਕਾਰ ਇਸ ਨੂੰ 11808 ਕਰੋੜ ਤੋਂ ਵਧਾ ਕੇ 16 ਹਜ਼ਾਰ ਕਰੋੜ ਤੱਕ ਲੈ ਗਈ ਹੈ ਅਤੇ ਹੁਣ ਇਸ ਨੂੰ ਬਿਨਾ ਕਿਸੇ ਵਿੱਤੀ ਬੋਝ ਤੋਂ 21 ਹਜ਼ਾਰ ਕਰੋੜ ਤੱਕ ਲੈ ਕੇ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕਰ ਚੋਰੀ ਦੇ ਖਿਲਾਫ਼ ਜਾਗਰੂਕ ਕਰਨ ਲਈ ਸਰਕਾਰ ਵੱਲੋਂ 'ਬਿਲ ਲਿਆਉ ਇਨਾ ਪਾਉ' ਯੋਜਨਾ ਲਿਆਂਦੀ ਗਈ ਹੈ ਜਿਸ ਨੂੰ ਜਲਦੀ ਹੀ ਕੇਂਦਰ ਸਰਕਾਰ ਵੀ ਅਪਣਾ ਰਹੀ ਹੈ।
 • 2023/08/02,ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨਾਲ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਯੂਨੀਵਰਸਿਟੀ ਨਾਲ ਜੁੜੇ ਅਹਿਮ ਮੁੱਦਿਆਂ ਉੱਤੇ ਵਿਚਾਰ ਚਰਚਾ ਹੋਈ। ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਦੀਆਂ ਹਾਲੀਆ ਪ੍ਰਾਪਤੀਆਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਮੀਟਿੰਗ ਦੌਰਾਨ ਹੋਈ ਵਾਰਤਾਲਾਪ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਅਰਵਿੰਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਹਾਲੀਆ ਪ੍ਰਾਪਤੀਆਂ ਹਨ ਜਿਨ੍ਹਾਂ ਬਾਰੇ ਜਾਣ ਕੇ ਮੁੱਖ ਮੰਤਰੀ ਨੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਗਰੈਜੂਏਟ ਕੋਰਸਾਂ ਦੇ ਦਾਖਲਿਆਂ ਵਿੱਚ ਪੰਦਰਾਂ ਫ਼ੀਸਦੀ ਵਾਧਾ ਹੋਇਆ ਹੈ ਅਤੇ ਮੌਜੂਦਾ ਸਮੇਂ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਵਿਦੇਸ਼ ਜਾਣ ਦੇ ਚਲੰਤ ਰੁਝਾਨ ਦੇ ਉਲਟ ਪੰਜਾਬੀ ਯੂਨੀਵਰਸਿਟੀ ਵਿਖੇ ਇੰਜਨੀਅਰਿੰਗ ਦੇ ਕੋਰਸਾਂ ਦੇ ਦਾਖਲੇ ਵਿੱਚ ਵੀ ਕਈ ਸਾਲਾਂ ਬਾਅਦ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਅਨੁਸ਼ਾਸਣਹੀਣਤਾ ਖ਼ਿਲਾਫ਼ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਵਿੱਚ ਨੌਕਰੀਆਂ ਕਰਦੇ ਹੋਏ ਵਿਦੇਸ਼ਾਂ ਦੇ ਪੱਕੇ ਵਾਸੀ (ਪੀ.ਆਰ.) ਬਣੇ ਮੁਲਾਜ਼ਮਾਂ/ਅਧਿਆਪਕਾਂ ਖਿਲਾਫ਼ ਯੂਨੀਵਰਸਿਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਤਫ਼ਸੀਲ ਨਾਲ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਵਚਨਬੱਧ ਹੈ। ਵੱਖ-ਵੱਖ ਘਪਲੇ ਕਰਨ ਵਾਲੇ ਅਮਲੇ ਖ਼ਿਲਾਫ਼ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਅਤੇ ਵੱਖ-ਵੱਖ ਕੇਸਾਂ ਵਿੱਚ ਪੁਖਤਾ ਸ਼ਿਕਾਇਤਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਜਾਂਚ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਯੂਨੀਵਰਸਿਟੀ ਵਿਖੇ ਅਨੁਸ਼ਾਸਨਮਈ ਅਕਾਦਮਿਕ ਮਾਹੌਲ ਸਿਰਜਣ ਸੰਬੰਧੀ ਮੁਹਿੰਮ ਬਾਰੇ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ।
 • 2023/08/02,ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨਵੇਂ ਜ਼ਮਾਨੇ ਦੀ ਤਕਨੀਕ ਦੇ ਹਾਣ ਦਾ ਬਣਾਉਣ ਲਈ ਸਬੁਧ ਫਾਊਂਡੇਸ਼ਨ ਨਾਲ਼ ਇਕਰਾਰਨਾਮਾ ਕੀਤਾ ਹੋਇਆ ਹੈ ਜਿਸ ਦੇ ਕਿ ਹੁਣ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ। ਯੂਨੀਵਰਸਿਟੀ ਨੇ ਸਬੁਧ ਫਾਊਂਡੇਸ਼ਨ ਨਾਲ ਕੀਤੇ ਆਪਣੇ ਇਕਰਾਰਨਾਮੇ ਤਹਿਤ ਕਾਰਜ ਕਰਦਿਆਂ ਪੰਜਾਬੀ ਭਾਸ਼ਾ ਲਈ ਮਸਨੂਈ ਬੁੱਧੀ ਭਾਵ ਆਰਟੀਫਿਸ਼ਲ ਇੰਟੈਲੀਜੈਂਸ ( ਏ. ਆਈ.) ਆਧਾਰਿਤ ਟੂਲਕਿੱਟ ਜਾਰੀ ਕੀਤੀ ਹੈ। ਇਸ ਨੂੰ ਓਪਨ ਸੋਰਸ ਪਾਈਥਨ ਲਾਇਬ੍ਰੇਰੀ ਦੇ ਰੂਪ ਵਿੱਚ ਜਾਰੀ ਕੀਤਾ ਗਿਆ ਹੈ ਜਿਸ ਵਿੱਚੋਂ ਪੰਜਾਬੀ ਨਾਲ਼ ਸੰਬੰਧਤ ਅਨੁਵਾਦ ਅਤੇ ਲਿਪੀਆਂਤਰ ਜਿਹੇ ਟੂਲਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਾਇਥਨ ਲਾਇਬ੍ਰੇਰੀ ਨੂੰ ਲਾਗੂ ਕਰਨ ਵਿੱਚ, ਸਬੁਧ ਫਾਊਂਡੇਸ਼ਨ ਤੋਂ ਮਾਹਿਰਾਂ ਇਸ਼ਪ੍ਰੀਤ ਕੌਰ ਅਤੇ ਗੁਰਜੋਤ ਸਿੰਘ ਦੇ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਵਿਸ਼ਾਲ ਗੋਇਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਪੀ-ਐਚ.ਡੀ. ਖੋਜਾਰਥੀਆਂ ਕਮਲ ਗੋਇਲ, ਅਜੀਤ ਕੁਮਾਰ, ਕਪਿਲ ਗੋਇਲ, ਮੁਖਤਿਆਰ ਸਿੰਘ, ਨੀਤਿਕਾ ਬਾਂਸਲ, ਉਮਰਿੰਦਰ ਅਤੇ ਜੀਤੇਸ਼ ਪੁਬਰੇਜਾ ਦੀ ਖੋਜ ਦਾ ਇਸ ਕਾਰਜ ਵਿੱਚ ਅਹਿਮ ਯੋਗਦਾਨ ਰਿਹਾ।
 • 2023/07/31,ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਰੈੱਸ ਰਿਲੀਜ਼ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਡਾਇਲੌਗਜ਼' ਸਿਰਲੇਖ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਇਹ ਪ੍ਰੋਗਰਾਮ 'ਸਾਂਝੀ ਸਿੱਖਿਆ' ਫਾਊਂਡੇਸ਼ਨ ਅਤੇ 'ਮੰਤਰਾ ਸੋਸ਼ਲ ਸਰਵਿਸਿਜ਼' ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਸ਼ਹੀਦ ਉੱਧਮ ਸਿੰਘ ਨੂੰ ਸਮਰਪਿਤ ਇਹ ਪ੍ਰੋਗਰਾਮ ਈ. ਐੱਮ. ਆਰ. ਸੀ. ਆਡੀਟੋਰੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਵਿਸ਼ਵ ਪ੍ਰਸਿੱਧ ਫ਼ਰਮ ਇਨਫ਼ੋਸਿਸ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀ.ਈ.ਓ. ਅਤੇ ਐਮ.ਡੀ. ਸ੍ਰੀ ਐਸ.ਡੀ. ਸਿ਼ੱਬੂਲਾਲ , ਅਦਵੈਤ ਫਾਊਂਡੇਸ਼ਨ ਦੀ ਸੰਸਥਾਪਕ ਕੁਮਾਰੀ ਸਿ਼ੱਬੂਲਾਲ ਅਤੇ ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਇਸ ਮੌਕੇ ਹੋਏ ਸੰਵਾਦ ਵਿੱਚ ਸਿ਼ਰਕਤ ਕੀਤੀ ਗਈ। ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਡਾ. ਅਰਚਨਾ ਮਹਾਜਨ, ਡੀ.ਆਈ.ਈ.ਟੀ. ਪ੍ਰਿੰਸੀਪਲ ਸੰਦੀਪ ਨਾਗਰ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਰਵਿੰਦਰਪਾਲ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਥਾਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਸਾਂਝੀ ਸਿੱਖਿਆ' ਟੀਮ ਦੇ ਮੈਂਬਰ, ਨੌਜਵਾਨ ਆਗੂ ਅਤੇ ਅਧਿਆਪਕ ਸ਼ਾਮਲ ਹੋਏ।
 • 2023/07/31, ਪੰਜਾਬੀ ਯੂਨੀਵਰਸਿਟੀ, ਪਟਿਆਲਾ ਚੀਨ ਵਿੱਚ ਚੱਲ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਭਾਰਤ ਵੱਲੋਂ ਖੇਡਦਿਆਂ ਤੀਰਅੰਦਾਜ਼ੀ ਦੇ ਖੇਤਰ ਵਿੱਚ ਕੁੱਲ ਸੱਤ ਤਗ਼ਮੇ ਹਾਸਲ ਕਰ ਲਏ ਹਨ। ਇਨ੍ਹਾਂ ਵਿੱਚ ਤਿੰਨ ਸੋਨ ਤਗ਼ਮੇ, ਇੱਕ ਚਾਂਦੀ ਤਗ਼ਮਾ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਿਲ ਹਨ। ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੰਗਮਪ੍ਰੀਤ ਬਿਸਲਾ ਨੇ ਇੱਕ ਸੋਨ ਤਗ਼ਮਾ ਅਤੇ ਇੱਕ ਕਾਂਸੀ ਤਗ਼ਮਾ, ਅਵਨੀਤ ਕੌਰ ਨੇ ਇੱਕ ਸੋਨ ਤਗ਼ਮਾ ਅਤੇ ਇੱਕ ਚਾਂਦੀ ਤਗ਼ਮਾ, ਅਮਨ ਸੈਣੀ ਨੇ ਇੱਕ ਇੱਕ ਸੋਨ ਤਗ਼ਮਾ ਅਤੇ ਇੱਕ ਕਾਂਸੀ ਤਗ਼ਮਾ,ਤਨਿਸ਼ਾ ਵਰਮਾ ਨੇ ਇੱਕ ਕਾਂਸੀ ਤਗ਼ਮਾ ਜਿੱਤ ਕੇ ਯੋਗਦਾਨ ਪਾਇਆ ਹੈ। ਅਵਨੀਤ ਕੌਰ ਨੇ ਕੰਪਾਊਂਡ ਵਿਅਕਤੀਗਤ ਸ਼ਰੇਣੀ ਵਿੱਚ ਵਿਅਕਤੀਗਤ ਸੋਨ ਤਗ਼ਮਾ ਜਿੱਤ ਲਿਆ ਹੈ। ਪਹਿਲਾਂ ਉਸ ਨੇ ਕੰਪਾਊਂਡ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸੰਗਮਪ੍ਰੀਤ ਸਿੰਘ ਬਿਸਲਾ ਨੇ ਕੰਪਾਊਂਡ ਵਿਅਕਤੀਗਤ ਸ਼ਰੇਣੀ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਉਸਨੇ ਪਹਿਲਾਂ ਕੰਪਾਊਂਡ ਟੀਮ (ਲੜਕੇ) ਸ਼ਰੇਣੀ ਵਿੱਚ ਕਾਂਸੀ ਤਗ਼ਮਾ ਜਿੱਤਿਆ ਸੀ। ਅਮਨ ਸੈਣੀ ਨੇ ਕੁੱਲ 3 ਮੈਡਲ ਜਿੱਤ ਲਏ ਹਨ। ਉਸਨੇ ਮਿਕਸ ਟੀਮ ਈਵੈਂਟ ਵਿੱਚ ਸੋਨ ਤਗ਼ਮਾ, ਵਿਅਕਤੀਗਤ ਕੰਪਾਊਂਡ ਪੁਰਸ਼ ਵਰਗ ਵਿੱਚ ਕਾਂਸੀ ਤਗ਼ਮਾ ਅਤੇ ਟੀਮ ਕੰਪਾਊਂਡ ਪੁਰਸ਼ ਵਰਗ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
 • 2023-07-30, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਚ ਵਿਭਾਗ ਵੱਲੋਂ ਕੀਤੀ ਗਈ ਇੱਕ ਖੋਜ ਰਾਹੀਂ ਪੰਜਾਬ ਦੇ ਲੋਕ-ਨਾਚ ਗਿੱਧੇ ਅਤੇ ਸ਼ਾਸਤਰੀ ਨਾਚ ਕੱਥਕ ਦੀਆਂ ਆਪਸੀ ਸਮਾਨਤਾਵਾਂ ਨੂੰ ਲੱਭਿਆ ਅਤੇ ਪੜਚੋਲਿਆ ਗਿਆ ਹੈ। ਦੋਹੇਂ ਨਾਚਾਂ ਦੀਆਂ ਵੱਖਰੀਆਂ ਸ਼ੈਲੀਆਂ ਹੋਣ ਦੇ ਬਾਵਜੂਦ ਇਸ ਖੋਜ ਅਧਿਐਨ ਰਾਹੀਂ ਇਹਨਾਂ ਦੋਹਾਂ ਨਾਚਾਂ ਵਿੱਚ ਭਾਵਾਂ ਦੇ ਆਧਾਰ ਉੱਤੇ ਸਮਾਨਤਾ ਵੇਖਣ ਨੂੰ ਮਿਲੀ ਹੈ। 'ਲੋਕ-ਨਾਚ ਗਿੱਧਾ ਅਤੇ ਸ਼ਾਸ਼ਤਰੀ ਨ੍ਰਿਤ ਕੱਥਕ ਦੀਆਂ ਸੰਚਾਰ ਵਿਧੀਆ: ਇੱਕ ਤੁਲਨਾਤਮਿਕ ਅਧਿਐਨ' ਨਾਮ ਦਾ ਇਹ ਖੋਜ ਕਾਰਜ ਡਾ. ਇੰਦਿਰਾ ਬਾਲੀ ਦੀ ਨਿਗਰਾਨੀ ਵਿੱਚ ਖੋਜਾਰਥੀ ਕਿਰਨਪ੍ਰੀਤ ਕੌਰ ਵੱਲੋਂ ਕੀਤਾ ਗਿਆ ਹੈ। ਖੋਜਾਰਥੀ ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਲੋਕ-ਨਾਚ ਗਿੱਧਾ ਅਤੇ ਸ਼ਾਸਤਰੀ ਨਾਚ ਕੱਥਕ ਵਿੱਚ ਸਮਾਨਤਾ ਦੇ ਸਿੱਟੇ ਕਲਾਵਾਂ ਦੇ ਖੇਤਰ ਨਾਲ਼ ਸੰਬੰਧਤ ਪੁਰਾਤਨ ਅਤੇ ਪ੍ਰਮਾਣਿਤ ਭਾਰਤੀ ਗ੍ਰੰਥ 'ਨਾਟਯ-ਸ਼ਾਸਤਰ' ਨੂੰ ਆਧਾਰ ਬਣਾ ਕੇ ਕੱਢੇ ਗਏ ਹਨ ਜੋ ਕਿ ਭਰਤ ਮੁਨੀ ਵੱਲੋਂ ਰਚਿਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਨਾਚਾਂ ਦੇ ਖੇਤਰ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਖੋਜ ਕਾਰਜ ਹੈ ਜਿੱਥੇ ਔਰਤਾਂ ਦੇ ਲੋਕ ਨਾਚ ਗਿੱਧੇ ਨੂੰ ਭਾਰਤੀ ਸ਼ਾਸਤਰੀ ਨ੍ਰਿਤ ਕੱਥਕ ਨਾਲ ਨਾਟਯ-ਸ਼ਾਸਤਰ ਦੇ ਹਵਾਲੇ ਨਾਲ਼ ਤੁਲਨਾ ਵਿੱਚ ਰੱਖ ਕੇ ਅਧਿਐਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਕਾਰਜ ਦੇ ਸਿੱਟਿਆਂ ਦਾ ਲਾਭ ਦੋਹਾਂ ਨਾਚਾਂ ਦੇ ਖੇਤਰਾਂ ਨਾਲ਼ ਸੰਬੰਧਤ ਲੋਕਾਂ ਨੂੰ ਮਿਲਣਾ ਹੈ।
 • 2023/07/29, ਪੰਜਾਬੀ ਯੂਨੀਵਰਸਿਟੀ ਪਟਿਆਲਾ, ਚੀਨ ਵਿਖੇ ਚੱਲ ਰਹੀਆਂ 'ਵਿਸ਼ਵ ਯੂਨੀਵਰਸਿਟੀ ਖੇਡਾਂ' ਵਿੱਚ ਭਾਰਤ ਨੇ ਸ਼ੁੱਕਰਵਾਰ ਨੂੰ ਤੀਰਅੰਦਾਜ਼ੀ ਦੇ ਖੇਤਰ ਵਿੱਚ ਘੱਟੋ-ਘੱਟ ਤਿੰਨ ਈਵੈਂਟਸ ਦੇ ਤਗ਼ਮਿਆਂ ਦੀ ਜਿੱਤ ਯਕੀਨੀ ਬਣਾ ਲਈ ਹੈ। ਪੰਜਾਬੀ ਯੂਨੀਵਰਸਿਟੀ ਦੇ ਚਾਰ ਖਿਡਾਰੀ ਅਵਨੀਤ ਕੌਰ, ਅਮਨ ਸੈਣੀ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਇਨ੍ਹਾਂ ਵੱਖ-ਵੱਖ ਈਵੈਂਟਸ ਦੀਆਂ ਟੀਮਾਂ ਵਿੱਚ ਸ਼ੁਮਾਰ ਹਨ। ਪੰਜਾਬੀ ਯੂਨੀਵਰਸਿਟੀ ਤੋਂ ਤੀਰਅੰਦਾਜ਼ੀ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਮੇਜ਼ਬਾਨ ਚੀਨ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਭਾਰਤੀ ਟੀਮ ਨੇ ਚੀਨੀ ਟੀਮ ਨੂੰ 229-224 ਨਾਲ ਹਰਾ ਕੇ ਦੱਖਣੀ ਕੋਰੀਆ ਨਾਲ ਆਪਣਾ ਫਾਈਨਲ ਮੈਚ ਖੇਡਣਾ ਪੱਕਾ ਕਰ ਲਿਆ ਹੈ। ਇਸ ਸੈਮੀਫਾਈਨਲ ਜਿੱਤ ਨਾਲ਼ ਭਾਰਤ ਨੂੰ ਘੱਟੋ-ਘੱਟ ਚਾਂਦੀ ਦਾ ਤਗ਼ਮਾ ਮਿਲਣਾ ਯਕੀਨੀ ਹੋ ਗਿਆ ਹੈ। ਓਧਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਅਮਨ ਸੈਣੀ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਰਿਸ਼ਭ ਯਾਦਵ ਦੀ ਪੁਰਸ਼ ਕੰਪਾਊਂਡ ਟੀਮ,ਜਿਸ ਨੂੰ ਸੈਮੀਫਾਈਨਲ ਵਿੱਚ ਚੀਨ ਹੱਥੋਂ 227-228 ਭਾਵ ਸਿਰਫ਼ ਅੰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਦੀ ਟੀਮ ਹੁਣ ਕਾਂਸੀ ਦੇ ਤਗ਼ਮੇ ਲਈ ਦੱਖਣੀ ਕੋਰੀਆ ਨਾਲ ਭਿੜੇਗੀ।
 • 2023/07/18, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਪਟਿਆਲਾ ਪਿਛਲੇ ਇੱਕ ਸਾਲ 2022-23 ਦੌਰਾਨ ਮੂਕਸ ਕੋਰਸਾਂ ਦੇ ਨਿਰਮਾਣ ਵਿੱਚ ਪੂਰੇ ਦੇਸ ਵਿੱਚੋਂ ਦੂਜੇ ਸਥਾਨ ਉੱਤੇ ਪਹੁੰਚ ਗਿਆ ਹੈ। ਪੂਰੇ ਮੁਲਕ ਦੇ ਇੱਕੀ ਕੇਂਦਰਾਂ ਵਿੱਚੋਂ ਮੈਸੂਰ ਸਥਿਤ ਈ. ਐੱਮ. ਆਰ. ਸੀ. ਪਹਿਲੇ ਨੰਬਰ ਉੱਤੇ ਹੈ। ਈ. ਐੱਮ. ਆਰ.ਸੀ. ਮੈਸੂਰ ਦੇ 19 ਮੂਕਸ ਪ੍ਰੋਗਰਾਮ ਪ੍ਰਵਾਨ ਹੋਏ ਹਨ ਜਦੋਂ ਕਿ ਈ.ਐੱਮ. ਆਰ. ਸੀ. ਪਟਿਆਲਾ ਦੇ 15 ਮੂਕਸ ਪ੍ਰੋਗਰਾਮ ਪ੍ਰਵਾਨ ਹੋਏ ਹਨ। ਜ਼ਿਕਰਯੋਗ ਹੈ ਕਿ ਮੂਕਸ ਪ੍ਰੋਗਰਾਮ (ਮੈਸਿਵ ਓਪਨ ਔਨਲਾਈਨ ਕੋਰਸ) ਨਾਮਕ ਇਸ ਡਿਜੀਟਲ ਸਮੱਗਰੀ ਦੇ ਨਿਰਮਾਣ ਹਿਤ ਕੇਂਦਰ ਸਰਕਾਰ ਦੇ ਦੋ ਅਦਾਰੇ ਕੰਨਸੋਰਸ਼ੀਅਮ ਫਾਰ ਐਜੂਕੇਸ਼ਨਲ ਕਿਉਮਨੀਕੇਸ਼ਨ (ਸੀ.ਈ.ਸੀ.) ਅਤੇ ਯੂਨੀਵਰਸਿਟੀ ਗਰਾਂਟਸ ਸੈਂਟਰ (ਯੂ.ਜੀ.ਸੀ.) ਦੀ ਨਿਗਰਾਨੀ ਹੇਠ ਈ. ਐੱਮ. ਆਰ. ਸੀ. ਵਿਖੇ ਪੂਰਾ ਸਾਲ ਕੰਮ ਚਲਦਾ ਹੈ। ਵੱਖ-ਵੱਖ ਵਿਸ਼ਾ ਮਾਹਿਰਾਂ ਦੇ ਵੀਡੀਓ-ਭਾਸ਼ਣ ਰਿਕਾਰਡ ਕੀਤੇ ਜਾਂਦੇ ਹਨ ਅਤੇ ਸੰਪਾਦਨ ਉਪਰੰਤ ਇਨ੍ਹਾਂ ਨੂੰ ਬਾਕਾਇਦਾ ਇੱਕ ਕੋਰਸ ਦੇ ਰੂਪ ਵਿੱਚ 'ਸਵੈਯਮ' ਵੈੱਬਸਾਈਟ ਉੱਤੇ ਚਲਾਇਆ ਜਾਂਦਾ ਹੈ। ਦੇਸ-ਵਿਦੇਸ਼ ਤੋਂ ਵਿਦਿਆਰਥੀ ਆਨਲਾਈਨ ਮਾਧਿਅਮ ਰਾਹੀਂ ਇਨ੍ਹਾਂ ਕੋਰਸਾਂ ਦਾ ਲਾਹਾ ਲੈਂਦੇ ਹਨ ਅਤੇ ਪੂਰੇ ਮੁਲਕ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲ ਕੋਈ ਵੀ ਵਿਦਿਆਰਥੀ ਇਹ ਕੋਰਸ ਕਰ ਸਕਦਾ ਹੈ।।
 • 2023/07/27, ਪੰਜਾਬੀ ਯੂਨੀਵਰਸਿਟੀ ਦੇ 11 ਖਿਡਾਰੀ 'ਵ'ਲਡ ਯੂਨੀਵਰਸਿਟੀ ਗੇਮਜ਼ 2023' ਜੋ ਕਿ ਚੇਂਗੜੂ, ਚਾਈਨਾ ਵਿਖੇ ਮਿਤੀ 28 ਜੁਲਾਈ ਤੋਂ 8 ਅਗਸਤ 2023 ਤੱਕ ਹੋਣ ਜਾ ਰਹੀਆਂ ਹਨ, ਵਿੱਚ ਭਾਗ ਲੈਣ ਲਈ ਚੁਣੇ ਗਏ ਹਨ। ਵਾਲੀਬਾਲ ਦੀ ਟੀਮ ਪਹਿਲੀ ਵਾਰ 'ਵ'ਲਡ ਯੂਨੀਵਰਸਿਟੀ ਗੇਮਜ਼' ਵਿਚ ਭਾਗ ਲੈਣ ਜਾ ਰਹੀ ਹੈ ਅਤੇ ਟੀਮ ਦੇ ਕੁੱਲ 12 ਖਿਡਾਰੀਆਂ ਵਿਚੋਂ 2 ਖਿਡਾਰੀ ਲੜਕੀਆਂ ਸੁਮੇਧਾ ਅਤੇ ਸ਼ੁਕਲਾ ਪੂਰਣਾ ਦੀਪਕਭਾਈ ਇਸ ਟੀਮ ਦਾ ਹਿੱਸਾ ਬਣੀਆਂ ਹਨ। ਤੀਰਅੰਦਾਜ਼ੀ ਖੇਡ ਲਈ 12 ਖਿਡਾਰੀਆਂ ਦੀ ਟੀਮ ਵਿਚ ਪੰਜਾਬੀ ਯੂਨੀਵਰਸਿਟੀ ਤੋਂ 4 ਤੀਰਅੰਦਾਜ਼ ਅਵਨੀਤ ਕੌਰ, ਤਨੀਸ਼ਾ ਵਰਮਾ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਅਮਨ ਸੈਣੀ ਸ਼ਾਮਲ ਹਨ, ਜਦੋਂਕਿ ਬੈਡਮਿੰਟਨ ਖੇਡ ਵਿਚ ਯੂਨੀਵਰਸਿਟੀ ਦੇ 2 ਖਿਡਾਰੀ ਮੀਰਾਬਾ ਲੁਆਂਗ ਮੈਸਨਮ ਅਤੇ ਹਰਸ਼ਿਤ ਠਾਕੁਰ, ਫੈਂਸਿੰਗ ਖੇਡ ਵਿਚ ਸਿਕਸ਼ਾ ਬਲੌਰੀਆ ਅਤੇ ਨੀਰ ਅਤੇ ਤਾਇਕਵਾਂਡੋ ਖੇਡ ਲਈ ਭਾਰਤੀ ਯੂਨੀਵਰਸਿਟੀ ਟੀਮ ਵਿਚ ਅਜੈ ਕੁਮਾਰ ਨੂੰ ਸ਼ਾਮਲ ਹੋਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਪਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਨੇ ਖਿਡਾਰੀਆਂ ਨੂੰ ਉਚੇਚੇ ਤੌਰ ਉੱਤੇ ਵਧਾਈ ਦਿੱਤੀ ਅਤੇ ਆਪਣੀ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ।
 • 2023/07/24,ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ, ਜੋ ਲੰਬਾ ਸਮਾਂ ਡਾਇਰੈਕਟਰ ਵਜੋਂ ਵੀ ਕਾਰਜਸ਼ੀਲ ਰਹੇ ਹਨ, ਨੂੰ ਭਾਰਤ ਸਰਕਾਰ ਦੀ ਰਜਿਸਟਰਡ ਸੰਸਥਾ 'ਗਲੋਬਲ ਇਕਨੌਮਿਕ ਪ੍ਰੋਗਰੈੱਸ ਐਂਡ ਰਿਸਰਚ ਐਸੋਸੀਏਸ਼ਨ' ਵੱਲੋਂ 'ਭਾਰਤ ਰਤਨ ਮਦਰ ਟੈਰੇਸਾ ਗੋਲਡ ਮੈਡਲ ਐਵਾਰਡ' ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਤਾਮਿਲਨਾਡੂ ਦੇ ਚੇਨਈ ਵਿਖੇ ਹੋਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤਾ ਗਿਆ। ਡਾ. ਗੁਰਦੀਪ ਕੌਰ ਨੇ ਇਸ ਸੰਬੰਧੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਐਵਾਰਡ ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵੱਖ-ਵੱਖ ਪ੍ਰਾਪਤੀਆਂ ਦੇ ਮੱਦੇਨਜ਼ਰ ਹਾਸਿਲ ਹੋਇਆ। ਉਨ੍ਹਾਂ ਦੱਸਿਆ ਕਿ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੇ ਉਹ ਪੰਜਾਬ ਵਿੱਚ ਇਕਲੌਤੀ ਸ਼ਖ਼ਸੀਅਤ ਸਨ। ਜਿ਼ਕਰਯੋਗ ਹੈ ਕਿ ਡਾ. ਗੁਰਦੀਪ ਕੌਰ ਵੱਲੋਂ ਖ਼ੁਦ ਵਿਦਿਆਰਥੀ ਹੋਣ ਸਮੇਂ ਖੇਡ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਵਿੱਚ ਕੋਚ ਵਜੋਂ ਅਤੇ ਡਾਇਰੈਕਟਰ ਸਮੇਤ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦਿਆਂ ਕੀਤੀਆਂ ਪ੍ਰਾਪਤੀਆਂ ਦੇ ਬਲਬੂਤੇ ਉਨ੍ਹਾਂ ਦੀ ਇਸ ਐਵਾਰਡ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਈ ਮਾਕਾ ਟਰਾਫ਼ੀ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪ੍ਰਾਪਤ ਕਰਨ ਦਾ ਮਾਣ ਦੋ ਵਾਰ ਉਨ੍ਹਾਂ ਨੂੰ ਹਾਸਿਲ ਹੋਇਆ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਉਨ੍ਹਾਂ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਖੇਡ ਵਿਭਾਗ ਲਈ ਅਤੇ ਸਮੁੱਚੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।
 • 2023/07/23, ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਵਿੱਚ ਉਨ੍ਹਾਂ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਅਧਿਐਨ ਕੀਤਾ ਗਿਆ ਹੈ ਜੋ ਕਿਸੇ ਵੀ ਵਜ੍ਹਾ ਕਾਰਨ ਆਪਣੇ ਬੱਚਿਆਂ ਦੇ ਭੌਤਿਕ ਤੌਰ ਉੱਤੇ ਦੂਰ ਚਲੇ ਜਾਣ ਕਾਰਨ ਇਕੱਲਤਾ ਭੋਗਦਿਆਂ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਡਾ. ਮਨਦੀਪ ਕੌਰ ਦੀ ਨਿਗਰਾਨੀ ਵਿੱਚ ਇਹ ਅਧਿਐਨ ਖੋਜਾਰਥੀ ਜੈਸਮੀਨ ਕੌਰ ਵੱਲੋਂ ਕੀਤਾ ਗਿਆ ਹੈ। ਖੋਜ ਨਿਗਰਾਨ ਡਾ. ਮਨਦੀਪ ਕੌਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿੱਚ ਬੱਚੇ ਆਪਣੇ ਬਿਹਤਰ ਰੁਜ਼ਗਾਰ, ਸਿੱਖਿਆ ਜਾਂ ਵਿਆਹ ਦੇ ਮੌਕਿਆਂ ਵਾਸਤੇ ਆਪਣੇ ਘਰਾਂ ਨੂੰ ਛੱਡਕੇ ਚਲੇ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤ ਵੀ ਕੋਈ ਅਪਵਾਦ ਨਹੀਂ ਹੈ, ਇਸ ਦਾ ਕਾਰਨ ਇਹ ਹੈ ਕਿ ਹੁਣ ਸੱਭਿਆਚਾਰਕ ਪ੍ਰਸਾਰ, ਸ਼ਹਿਰੀਕਰਨ, ਉਦਯੋਗਿਕ ਕ੍ਰਾਂਤੀ ਅਤੇ ਆਧੁਨਿਕ ਪਰਿਵਾਰ ਪ੍ਰਣਾਲੀਆਂ ਦੇ ਕਾਰਨ ਇਹ ਵਰਤਾਰਾ ਵੱਖ-ਵੱਖ ਸੱਭਿਆਚਾਰਕ ਸਮੂਹਾਂ ਵਿੱਚ ਲਗਾਤਾਰ ਵਧ ਰਿਹਾ ਹੈ। ਭਾਰਤ ਵਿੱਚ ਵੀ ਦੇਸ਼ ਦੇ ਸਮਾਜਿਕ-ਆਰਥਿਕ ਦ੍ਰਿਸ਼ ਵਿੱਚ ਤਬਦੀਲੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਿਊਕਲੀਅਰ ਪਰਿਵਾਰ ਪ੍ਰਣਾਲੀ ਦੇ ਉਭਾਰ ਅਤੇ ਪ੍ਰਸਿੱਧੀ ਨੂੰ ਜਨਮ ਦਿੱਤਾ ਹੈ। ਪਹਿਲਾਂ ਭਾਰਤੀ ਸੰਸਕ੍ਰਿਤੀ ਵਿੱਚ ਲੋਕ ਵੱਡੇ ਪਰਿਵਾਰਾਂ ਵਿੱਚ ਰਹਿੰਦੇ ਸਨ ਅਤੇ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡ ਕੇ ਜਾਂਦੇ ਸਨ ਤਾਂ ਮਾਪੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਉਲਝ ਜਾਂਦੇ ਸਨ ਪਰ ਅੱਜ ਕੱਲ੍ਹ ਬਿਹਤਰ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਪੀੜ੍ਹੀ ਦੇ ਪਰਵਾਸ ਨੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ ਹਨ। ਉਹ ਆਪਣੇ ਖੁਦ ਦੇ ਬਾਲਗ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਗ਼ੈਰ-ਹਾਜ਼ਰੀ ਵਿੱਚ ਅਲੱਗ-ਥਲੱਗ ਅਤੇ ਇਕੱਲੇ ਰਹਿ ਗਏ ਮਹਿਸੂਸ ਕਰਦੇ ਹਨ ਜੋ ਉਹਨਾਂ ਨੂੰ ਇੱਕ ਮਾਪੇ ਹੋਣ ਅਤੇ ਸਰਗਰਮ ਪਰਵਰਿਸ਼ ਕਰਤਾ ਵਜੋਂ ਆਪਣੀ ਪਛਾਣ ਦੀ ਹਾਨੀ ਦੇ ਅਹਿਸਾਸ ਨਾਲ਼ ਭਾਵਨਾਤਮਕ ਤੌਰ 'ਤੇ ਕਸ਼ਟ ਵਿੱਚ ਪਾਉਂਦਾ ਹੈ ਅਤੇ ਅਸੁਰੱਖਿਅਤ ਮਹਿਸੂਸ ਕਰਨ ਲਈ ਮਜ਼ਬੂਰ ਕਰਦਾ ਹੈ।
 • 2023/07/20 ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡੀਨ, ਵਿਦਿਆਰਥੀ ਭਲਾਈ ਦੇ ਦਫ਼ਤਰ ਵੱਲੋਂ ਹੋਸਟਲ ਵਾਰਡਨਾਂ ਲਈ 'ਸਮਰਥਾ ਨਿਰਮਾਣ' ਦੇ ਵਿਸ਼ੇ ਉੱਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਤੋਂ ਸਾਰੇ ਵਾਰਡਨਾਂ ਅਤੇ ਸੀਨੀਅਰ ਵਾਰਡਨਾਂ ਨੇ ਭਾਗ ਲਿਆ। ਵਰਕਸ਼ਾਪ ਦੇ ਮੁੱਖ ਬੁਲਾਰੇ ਦੇ ਤੌਰ ਉੱਤੇ ਡਾ. ਵਿਧੂ ਮੋਹਨ, ਐਸੋਸੀਏਟ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।ਡੀਨ, ਵਿਦਿਆਰਥੀ ਭਲਾਈ, ਪ੍ਰੋ. ਹਰਵਿੰਦਰ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਕਿਵੇਂ ਇੱਕ ਸੰਗਠਿਤ ਰੂਪ ਵਿੱਚ ਅਤੇ ਤਾਲਮੇਲ ਨਾਲ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਤੇ ਵਿਚਾਰ-ਵਟਾਂਦਰੇ ਬਿਹਤਰੀ ਵੱਲ ਵਧਣ ਵਿੱਚ ਸਹਾਈ ਹੁੰਦੇ ਹਨ।
 • 2023/07/18, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਯੁਵਰਾਜ ਸਿੰਘ ਵਿਰਕ ਨੇ 'ਸ਼ੌਟ ਗੰਨ ਸ਼ੂਟਿੰਗ' (ਸਕੀਟ) ਮੁਕਾਬਲੇ ਵਿੱਚ ਪੰਜਾਬ ਸਟੇਟ ਚੈਂਪੀਅਨਸਿ਼ਪ ਦੌਰਾਨ ਦੋ ਸੋਨ ਤਗ਼ਮੇ ਪ੍ਰਾਪਤ ਕੀਤੇ ਹਨ। ਪੰਜਾਬ ਦੇ ਬਠਿੰਡਾ ਜਿ਼ਲ੍ਹੇ ਦੇ ਭੁੱਚੋ ਮੰਡੀ ਵਿਖੇ ਲੰਘੀ 14 ਅਤੇ 15 ਜੁਲਾਈ 2023 ਨੂੰ ਹੋਈ ਇਸ ਕਲੇਅ ਸਕੀਟ ਸ਼ੂਟਿੰਗ ਐੱਨ. ਆਰ. ਚੈਂਪੀਅਨਸਿ਼ਪ ਮਰਦ ਅਤੇ ਜੂਨੀਅਰ ਚੈਂਪੀਅਨਸਿ਼ਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੁਵਰਾਜ ਸਿੰਘ ਨੇ ਜੂਨੀਅਰ ਅਤੇ ਸੀਨੀਅਰ ਸ਼ਰੇਣੀ ਵਿੱਚ ਇਹ ਤਗ਼ਮੇ ਹਾਸਿਲ ਕੀਤੇ। ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਵਿਰਕ ਪੰਜਾਬੀ ਯੂਨੀਵਸਿਟੀ ਵਿਖੇ ਸੋਸ਼ਲ ਸਾਇੰਸਜ਼ ਦੇ ਖੇਤਰ ਵਿੱਚ ਪੰਜ ਸਾਲਾ ਏਕੀਕ੍ਰਿਤ ਕੋਰਸ ਦੇ ਪੰਜਵੇਂ ਸਮੈਸਟਰ ਦਾ ਵਿਦਿਆਰਥੀ ਹੈ।
 • 2023/07/13,ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਦੂਜੀ ਤਿਮਾਹੀ ਦੀ ਗਰਾਂਟ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਸਰਕਾਰ ਦਾ ਧੰਨਵਾਦ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੁਸ਼ੀ ਪ੍ਰਗਟਾਈ ਗਈ। ਉਨ੍ਹਾਂ ਦੱਸਿਆ ਕਿ ਪੰੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਚਲੰਤ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਲਈ ਆਪਣੇ ਵਾਅਦੇ ਅਨੁਸਾਰ ਫੰਡ ਜਾਰੀ ਕਰਨ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ਼ ਜਲਦੀ ਹੀ ਯੂਨੀਵਰਸਿਟੀ ਕੋਲ਼ ਲੋੜੀਂਦੀ ਰਾਸ਼ੀ ਉਪਲਬਧ ਹੋ ਜਾਵੇਗੀ। ਉਨ੍ਹਾਂ ਇਸ ਗੱਲ ਉੱਤੇ ਸੰਤੁਸ਼ਟੀ ਪ੍ਰਗਟਾਈ ਕਿ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਅਤੇ ਵਿੱਤ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਜੋ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ, ਉਹ ਸਰਕਾਰ ਦੀ ਸੁਹਿਰਦ ਸੋਚ ਨੂੰ ਦਰਸਾਉਂਦੀਆਂ ਹਨ। ਇਸ ਦੂਜੀ ਤਿਮਾਹੀ ਦੀ ਪਹਿਲੀ ਕਿਸ਼ਤ 30 ਕਰੋੜ ਰੁਪਏ ਜਲਦ ਹੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਫਰਜ਼ ਪ੍ਰਤੀ ਸੁਹਿਰਦ ਹੈ ਤਾਂ ਯੂਨੀਵਰਸਿਟੀ ਨਾਲ਼ ਜੁੜੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਚਾਹੀਦਾ ਹੈ ਕਿ ਉਹ ਅਕਾਦਮਿਕ ਖੇਤਰ ਵਿੱਚ ਯੂਨੀਵਰਸਿਟੀ ਦੇ ਵੱਕਾਰ ਨੂੰ ਹੋਰ ਉੱਚਾ ਚੁੱਕਣ ਲਈ ਹੋਰ ਵਧੇਰੇ ਉਪਰਾਲੇ ਕਰਨ। ਇਸ ਮੌਕੇ ਉਨ੍ਹਾਂ ਪੰਜਾਬ ਵਿਚਲੇ ਮੌਜੂਦਾ ਹਾਲਾਤ ਉੱਤੇ ਵੀ ਚਿੰਤਾ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਰੀ ਮੀਂਹ ਅਤੇ ਕੁੱਝ ਦਰਿਆਵਾਂ, ਨਦੀਆਂ ਦੇ ਬੰਨ੍ਹ ਟੁੱਟਣ ਕਾਰਨ ਸੂਬੇ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਦੇ ਕੰਮ ਕਾਜ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਸੰਬੰਧੀ ਦਾਖ਼ਲਾ ਮੁਹਿੰਮ ਚੱਲ ਰਹੀ ਸੀ ਜੋ ਸੂਬੇ ਵਿਚਲੇ ਸੰਕਟ ਕਾਰਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟ ਗਰੈਜੂਏਟ ਕੋਰਸਾਂ ਦੀ ਕੌਂਸਲਿੰਗ ਮਿਤੀ ਜੋ ਪਹਿਲਾਂ 13 ਅਤੇ 14 ਜੁਲਾਈ 2023 ਰੱਖੀ ਹੋਈ ਸੀ, ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉੱਚ ਕੋਟੀ ਦੇ ਖਿਡਾਰੀਆਂ ਲਈ ਨਿਰਧਾਰਿਤ ਵਿਸ਼ੇਸ਼ ਕੋਟੇ ਵਿੱਚ ਦਾਖਲੇ ਲਈ ਰੱਖੀ ਗਈ ਵਿਸ਼ੇਸ਼ ਕੌਂਸਲਿੰਗ ਨੂੰ ਵੀ ਮੁਲਤਵੀ ਕਰਨਾ ਪਿਆ ਹੈ। ਇਸ ਸਥਿਤੀ ਨਾਲ ਨਿੱਤ ਦਿਨ ਦੇ ਆਮ ਕੰਮ ਕਾਜ ਵੀ ਅਸਰਅੰਦਾਜ਼ ਹੋਏ ਹਨ ਕਿਉਂਕਿ ਹਾਲਾਤ ਨੂੰ ਵੇਖਦਿਆਂ ਯੂਨੀਵਰਸਿਟੀ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਮੌਕੇ ਉਨ੍ਹਾਂ ਇਸ ਗੱਲੋਂ ਵੀ ਖੁਸ਼ੀ ਪ੍ਰਗਟਾਈ ਕਿ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਦੀ ਸਥਿਤੀ ਬਹੁਤ ਅੱਛੀ ਰਹੀ ਹੈ।
 • 2023/07/09, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਜੋਕੇ ਵਿਗਿਆਨਿਕ ਯੁੱਗ ਵਿੱਚ ਟੈਕਨਾਲੋਜੀ ਵਿੱਚ ਆਏ ਦਿਨ ਨਵੇਂ ਬਦਲਾਅ ਅਤੇ ਤਰੱਕੀ ਦੇ ਕਾਰਨ ਦਿਨੋ-ਦਿਨ ਇੰਟਰਨੈੱਟ ਸੇਵਾ ਦੀ ਵਰਤੋਂ ਵੀ ਵੱਧ ਰਹੀ ਹੈ। ਮੌਜੂਦਾ ਸਮੇਂ ਸਮਾਰਟਫੋਨ ਹਰ ਵਿਅਕਤੀ ਦੀ ਜ਼ਰੂਰਤ ਬਣ ਗਿਆ ਹੈ। ਇਹ ਕਾਲਿੰਗ, ਐੱਸ.ਐੱਮ.ਐੱਸ., ਗੇਮਿੰਗ, ਮੰਨੋਰੰਜਨ ਅਤੇ ਸਿੱਖਿਆ ਆਦਿ ਵਰਗੀਆਂ ਬੁਨਿਆਦੀ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਖੋਜਾਰਥੀ ਤੇਜਪਾਲ ਸ਼ਰਮਾ ਵੱਲੋਂ ਡਾ. ਧਵਲੀਸ਼ ਰਤਨ ਦੀ ਨਿਗਰਾਨੀ ਅਧੀਨ ‘ਡਿਵੈਲਪਮੈਂਟ ਆਫ਼ ਆ ਟੈਕਨੀਕ ਫ਼ਾਰ ਮਾਲਵੇਅਰ ਡਿਟੈਕਸ਼ਨ ਇਨ ਐਂਡੋਰਾਇਡ’ ਨਾਮ ਦੀ ਤਕਨੀਕ ਤਿਆਰ ਕੀਤੀ ਗਈ ਹੈ। ਇਹ ਤਕਨੀਕ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਿਆਂ ਐਂਡੋਰਾਇਡ ਐਪਲੀਕੇਸ਼ਨਾਂ ਦੇ ਉੱਪਰ ਵਿਜ਼ੂਲਾਈਜੇਸ਼ਨ ਦੀ ਤਕਨੀਕ ਲਗਾ ਕੇ ਤਿਆਰ ਕੀਤੀ ਗਈ ਹੈ। ਐਂਡੋਰਾਇਡ ਐਪਲੀਕੇਸ਼ਨਾਂ ਸੰਬੰਧੀ 25583 ਨਮੂਨੇ ਦੁਨੀਆਂ ਭਰ ਦੀਆਂ ਵੱਖ-ਵੱਖ ਸੰਸਥਾਵਾਂ ਤੋ ਇੱਕਤਰ ਕੀਤੇ ਹਨ ਜਿਨ੍ਹਾਂ ਵਿੱਚੋਂ ਕਨੇਡੀਅਨ ਇੰਸਟੀਚਿਊਟ ਆਫ਼ ਸਾਈਬਰ ਸਕਿਊਰਟੀ ਇੱਕ ਹੈ। ਇਹ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ਜਿਸ ਵਿੱਚ ਤਕਨੀਕ ਨੇ 97.29% ਦੀ ਸੁਵਿਧਾ ਨਾਲ ਮਾਲਵੇਅਰ/ਵਾਇਰਸ ਅਤੇ ਸਹੀ ਐਪਲੀਕੇਸ਼ਨਾਂ ਦਾ ਵਰਗੀਕਰਨ ਕੀਤਾ ਹੈ। ਇਸ ਦੇ ਨਤੀਜੇ ਪਹਿਲਾਂ ਵਰਤੀਆਂ ਗਈਆਂ ਤਕਨੀਕਾਂ ਦੇ ਮੁਕਾਬਲੇ ਬਹੁਤ ਵਧੀਆਂ ਪ੍ਰਾਪਤ ਕੀਤੇ ਗਏ ਹਨ। ਖੋਜ ਨਿਗਰਾਨ ਡਾ. ਧਵਲੀਸ਼ ਰਤਨ ਨੇ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਕਰਕੇ ਆਮ ਲੋਕਾਂ ਦੇ ਨਿੱਜੀ ਡਾਟੇ/ਬੈਂਕਿੰਗ ਡਾਟੇ ਦੀ ਚੋਰੀ ਹੋਣ ਨਾਲ ਹੋ ਰਹੀ ਆਰਥਿਕ ਲੁੱਟ ਖਸੁੱਟ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਖੋਜ ਨੂੰ ਦੇਖ ਕੇ ਦੁਨੀਆਂ ਦੇ ਕਈ ਹੋਰ ਦੇਸਾਂ ਦੇ ਖੋਜਕਾਰਾਂ ਵੱਲੋ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਜਿਨ੍ਹਾਂ ਵਿੱਚ ਪ੍ਰੋ. ਪੈਨਾਜੀਓਟਿਸ ਸਾਰਗਿਆਨਿਡਿਸ, ਯੂਨੀਵਰਸਿਟੀ ਆਫ਼ ਵੈਸਟਰਨ ਮੈਸੇਡੋਨੀਆ (ਗ੍ਰੀਸ), ਡਾ. ਵਿਨੋਦ ਪੀ, ਕੋਚੀਨ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਕੇਰਲਾ (ਭਾਰਤ), ਨੂਰੀ ਬਾਲਟਾਸੀ ਅਖੁਸੇਇਨੋਗਲੂ, ਪੀਐੱਚ.ਡੀ ਖੋਜਾਰਥੀ, ਪਿਟਸਬਰਗ ਯੂਨੀਵਰਸਿਟੀ (ਯੂ.ਐੱਸ.ਏ), ਡਾ. ਕਰੀਮ ਅਤੇ ਡਾ. ਅਲੀਰੇਜ਼ਾ ਸੌਰੀ, ਇਸਲਾਮਿਕ ਆਜ਼ਾਦ ਯੂਨੀਵਰਸਿਟੀ (ਇਰਾਨ) ਆਦਿ ਸ਼ਾਮਿਲ ਹਨ। ਇਨ੍ਹਾਂ ਖੋਜਕਾਰਾਂ ਵਿੱਚੋਂ ਕੁੱਝ ਨੇ ਭਵਿੱਖ ਵਿੱਚ ਇਸ ਖੋਜ ਉੱਪਰ ਪੰਜਾਬੀ ਯੂਨੀਵਰਸਿਟੀ ਦੀ ਇਸ ਖੋਜ ਟੀਮ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਜਿਨ੍ਹਾਂ ਵਿੱਚੋਂ ਇੱਕ ਡਾ. ਸੁਲੇਮਾਨ ਯਰੀਮਾਂ (ਡੀ ਮੌਂਟਫੋਰਟ ਯੂਨੀਵਰਸਿਟੀ, ਲੈਸਟਰ, ਯੂ.ਕੇ) ਸਾਈਬਰ ਸਕਿਊਰਟੀ ਡਿਪਾਰਟਮੈਂਟ ਦੇ ਖੋਜਕਾਰ ਇਸ ਟੀਮ ਨਾਲ ਅਗਲੇਰੀ ਖੋਜ ਵਿੱਚ ਕੰਮ ਕਰ ਰਹੇ ਹਨ।
 • 2023/07/03 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ.ਆਰ.ਸੀ.) ਵੱਲੋਂ ਮੂਕਸ ਕੋਰਸਾਂ ਲਈ ਬਣਾਏ ਜਾਂਦੇ ਵੀਡੀਓ-ਭਾਸ਼ਣਾਂ ਬਾਰੇ ਇੱਕ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦੌਰਾਨ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਵਿਖੇ ਕਾਰਜਸ਼ੀਲ ਡਾ. ਤਰੁਣ ਅਰੋੜਾ ਦੀ ਅਗਵਾਈ ਵਾਲੇ ਮੂਕਸ ਪ੍ਰੋਗਰਾਮ ਵਿੱਚ ਸ਼ਾਮਿਲ ਵੱਖ-ਵੱਖ ਅਧਿਆਪਕਾਂ ਨੇ ਸਿਖਲਾਈ ਹਾਸਿਲ ਕੀਤੀ। ਇਹ ਅਧਿਆਪਕ ਉੱਤਰੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ਼ ਸੰਬੰਧਤ ਸਨ। ਟੀਮ ਵਿੱਚ ਸ਼ਾਮਿਲ ਕੁੱਝ ਅਧਿਆਪਕ ਆਨਲਾਈਨ ਮੰਚ ਰਾਹੀਂ ਵੀ ਇਸ ਵਰਕਸ਼ਾਪ ਨਾਲ਼ ਜੁੜੇ।
 • ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਦੀ ਵਿੱਤ ਸਕੱਤਰ ਗੁਰਪ੍ਰੀਤ ਕੌਰ ਨਾਲ 26 ਜੂਨ ਨੂੰ ਮੀਟਿੰਗ ਹੋਈ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਾਈਸ ਚਾਂਸਲਰ ਪ੍ਰੋ, ਅਰਵਿੰਦ, ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਕੁਮਾਰ ਤਿਵਾੜੀ, ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਨੇ ਹਿੱਸਾ ਲਿਆ। ਪੰਜਾਬ ਸਰਕਾਰ ਨੇ ਯੂਨੀਵਰਸਿਟੀ ਤੋਂ ਸਮੁੱਚੇ ਮੁਲਾਜ਼ਮਾਂ ਦੀ ਤਫ਼ਸੀਲ ਮੰਗੀ ਸੀ। ਚਰਚਾ ਦੌਰਾਨ ਯੂਨੀਵਰਸਿਟੀ ਦੇ ਖਰਚੇ ਨੂੰ ਘਟਾਉਣ ਬਾਰੇ ਵਿਚਾਰ ਕੀਤਾ ਗਿਆ। ਚਰਚਾ ਦੌਰਾਨ ਵਿਚਾਰ ਕੀਤਾ ਗਿਆ ਕਿ ਯੂਨੀਵਰਸਿਟੀ ਵਿੱਚ ਮੁਲਾਜ਼ਮਾਂ ਦੀ ਰੈਸ਼ਨੇਲਾਈਜ਼ੇਸ਼ਨ ਕਿਵੇਂ ਕੀਤੀ ਜਾ ਸਕਦੀ ਹੈ? ਅਗਰ ਕਿਤੇ ਵਾਧੂ ਮੁਲਾਜ਼ਮ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ ਉਪਰੰਤ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਹੋਰ ਕੰਮਾਂ ਲਈ ਤਾਇਨਾਤ ਜਾਂ ਪੰਜਾਬ ਸਰਕਾਰ ਦੇ ਕਿਸੇ ਹੋਰ ਅਦਾਰੇ ਵਿੱਚ ਤਬਦੀਲ ਕਰਨ ਦੀ ਤਜਵੀਜ਼ ਉੱਪਰ ਵੀ ਵਿਚਾਰ ਕੀਤਾ ਗਿਆ। ਇਸ ਸਬੰਧ ਵਿੱਚ ਯੂਨੀਵਰਸਿਟੀ ਪੋਸਟਾਂ ਅਤੇ ਮੁਲਾਜ਼ਮਾਂ ਬਾਰੇ ਵਿਸਤਰਿਤ ਰਿਪੋਰਟ ਤਿਆਰ ਕਰੇਗੀ।
 • 2023/06/25, ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੇ ਆਪਸੀ ਸੰਬੰਧ ਠੀਕ ਨਾ ਹੋਣ ਕਾਰਨ ਜਾਂ ਕਿਸੇ ਹੋਰ ਵਜ੍ਹਾ ਕਾਰਨ ਹਾਲਾਤ ਸੁਖਾਵੇਂ ਨਹੀਂ, ਉਨ੍ਹਾਂ ਪਰਿਵਾਰਾਂ ਦੇ ਕਿਸ਼ੋਰ ਅਵਸਥਾ ਵਿੱਚ ਵਿਚਰ ਰਹੇ ਬੱਚੇ ਜੋਖ਼ਮ ਸੰਭਾਵਿਤ ਹਿੰਸਕ ਕਿਸਮ ਦੇ ਸੁਭਾਅ ਦਾ ਸਿ਼ਕਾਰ ਹੋ ਜਾਂਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ਦੂਰਵਰਤੀ ਸਿੱਖਿਆ ਵਿਭਾਗ ਦੇ ਮਨੋਵਿਗਿਆਨ ਵਿਭਾਗ ਦੀ ਖੋਜਾਰਥੀ ਮਨਮੀਤ ਕੌਰ ਵੱਲੋਂ ਡਾ. ਨੈਨਾ ਸ਼ਰਮਾ ਦੀ ਅਗਵਾਈ ਵਿੱਚ ਕੀਤੇ ਗਏ ਖੋਜ ਕਾਰਜ ਦੌਰਾਨ ਅਜਿਹੇ ਨਤੀਜੇ ਸਾਹਮਣੇ ਆਏ ਹਨ। ਖੋਜਾਰਥੀ ਮਨਮੀਤ ਕੌਰ ਨੇ ਦੱਸਿਆ ਕਿ ਇਸ ਖੋਜ ਕਾਰਜ ਅਧੀਨ ਪਟਿਆਲਾ ਦੇ ਵੱਖ-ਵੱਖ ਖੇਤਰਾਂ ਵਿੱਚੋਂ 15 ਤੋਂ 18 ਸਾਲ ਦੀ ਉਮਰ ਦੇ ਕੁੱਲ 946 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ। ਗਿਆਰਵੀਂ ਅਤੇ ਬਾਹਰਵੀਂ ਜਮਾਤ ਦੇ ਇਨ੍ਹਾਂ ਵਿਦਿਆਰਥੀਆਂ ਵਿੱਚ 444 ਲੜਕੇ ਅਤੇ 502 ਲੜਕੀਆਂ ਸ਼ਾਮਿਲ ਸਨ। ਮਨੋਵਿਗਿਆਨਕ ਨਜ਼ਰੀਏ ਨਾਲ਼ ਬਣਾਏ ਤਕਨੀਕੀ ਕਿਸਮ ਦੇ ਸਵਾਲਾਂ ਰਾਹੀਂ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਮਨੋ ਅਵਸਥਾ ਅਤੇ ਵਰਤੋਂ ਵਿਹਾਰ ਸੰਬੰਧੀ ਅੰਕੜੇਜੁਟਾਏ ਗਏ ਜਿਨ੍ਹਾਂ ਦਾ ਇਸ ਖੋਜ ਰਾਹੀਂ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਸ਼ਲੇਸ਼ਣ ਦੇ ਅਧਾਰ ਉੱਤੇ ਬਹੁਤ ਸਾਰੇ ਨਤੀਜੇ ਸਾਹਮਣੇ ਆਏ। ਇਨ੍ਹਾਂ ਵਿੱਚੋਂ 500 ਵਿਦਿਆਰਥੀਆਂ ਦੀ ਮਨੋ ਅਵਸਥਾ ਬਾਰੇ ਇਹ ਤੱਥ ਉੱਭਰ ਕੇ ਸਾਹਮਣੇਆਏ ਕਿ ਉਹ ਜੋਖ਼ਮ ਲੈਣ ਵਾਲ਼ੇ ਹਿੰਸਕ ਕਿਸਮ ਦੇ ਸੁਭਾਅ (ਹੈਲਥ ਰਿਸਕ ਟੇਕਿੰਗ ਬਿਹੇਵੀਅਰ) ਦਾ ਸਿ਼ਕਾਰ ਹਨ।
 • 2023/06/21, ਪੰਜਾਬੀ ਯੂਨੀਵਰਸਿਟੀ, ਪਟਿਆਲਾ, 9ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੋਗਾ ਵਰਕਸ਼ਾਪ ਕਰਵਾਈ ਗਈ। ਇਹ ਯੋਗਾ ਵਰਕਸ਼ਾਪ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਾਂਝੇ ਉੱਦਮ ਨਾਲ਼ ਕਰਵਾਈ ਗਈ ਜਿਨ੍ਹਾਂ ਵਿੱਚ ਐੱਨ.ਐੱਸ.ਐੱਸ. ਵਿਭਾਗ, ਡਾਇਰੈਕਟਰ ਆਫ ਸਪੋਰਟਸ, ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ, ਸਰੀਰਿਕ ਸਿੱਖਿਆ ਵਿਭਾਗ, ਰੈਡ ਰਿਬਨ ਕਲਬ, ਯੁਨੀਵਰਸਿਟੀ ਮਾਡਲ ਸਕੂਲ ਸ਼ਾਮਿਲ ਸਨ। ਯੁਨੀਵਰਸਿਟੀ ਕੈਂਪਸ ਵਿਖੇ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਵਾਲੇ ਗਰਾਉਂਡ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮੇਤ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗਾ ਦੇ ਵੱਖ-ਵੱਖ ਆਸਣ ਕੀਤੇ। ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਜਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਅਤੇ ਜੀ-20 ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਇਸ 'ਹਰ ਘਰ ਆਂਗਨ ਯੋਗ' ਵਿਸ਼ੇ ਉੱਤੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
 • 2023/06/13, ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੰਪਿਊਟਰ ਵਿਗਿਆਨ ਵਿਭਾਗ ਦੀ ਖੋਜਾਰਥੀ ਅਨੂ ਰਾਣੀ ਦਾ ਖੋਜ ਕਾਰਜ ਪੇਟੈਂਟ ਲਈ ਪ੍ਰਕਾਸਿ਼ਤ ਹੋਇਆ ਹੈ। ਪੇਟੈਂਟ ਪ੍ਰਾਪਤੀ ਦੀ ਪ੍ਰਕਿਰਿਆ ਵਿੱਚ ਇਸ ਨੂੰ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਉਹ ਕੰਪਿਊਟਰ ਵਿਗਿਆਨ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਅਤੇ ਡੀ..ਏ.ਵੀ. ਕਾਲਜ ਜਲੰਧਰ ਤੋਂ ਡਾ. ਲਲਿਤ ਗੋਇਲ ਅਧੀਨ ਖੋਜ ਕਾਰਜ ਕਰ ਰਹੀ ਹੈ। ਪ੍ਰੋ. ਵਿਸ਼ਾਲ ਨੇ ਦੱਸਿਆ ਕਿ ਉਸ ਦਾ ਕੰਮ ਮੁੱਖ ਤੌਰ ਉੱਤੇ ਖ਼ਬਰਾਂ ਨੂੰ ਆਪਣੇ ਆਪ ਐਨੀਮੇਟਿਡ ਵੀਡੀਓ ਪ੍ਰਣਾਲ਼ੀ ਰਾਹੀਂ ਸੰਕੇਤਕ ਭਾਸ਼ਾ ਵਿੱਚ ਤਬਦੀਲ ਕਰਨ ਦਾ ਤਕਨੀਕੀ ਢੰਗ ਲੱਭਣ ਨਾਲ਼ ਜੁੜਿਆ ਹੈ। ਅਜਿਹਾ ਹੋਣ ਨਾਲ਼ ਸੁਣਨ ਤੋਂ ਅਸਮਰੱਥ ਲੋਕਾਂ ਨੂੰ ਲਾਭ ਪਹੁੰਚ ਸਕਦਾ ਹੈ ਕਿਉਂਕਿ ਉਨ੍ਹਾਂ ਲਈ ਇਸ ਤਕਨੀਕ ਰਾਹੀਂ ਨਿਯਮਤ ਰੂਪ ਵਿੱਚ ਸੰਕੇਤਕ ਭਾਸ਼ਾ ਵਿੱਚ ਖ਼ਬਰਾਂ ਦੀ ਸਮੱਗਰੀ ਉਪਲਬਧ ਹੋ ਸਕਦੀ ਹੈ।
 • 2023/06/13 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ ਵੱਲੋਂ ਸਮਾਜ ਭਲਾਈ ਦੀ ਗਤੀਵਿਧੀ ਕਰਦਿਆਂ ਯੂਨੀਵਰਸਿਟੀ ਦੇ ਦੋ ਕਰਮਚਾਰੀਆਂ ਨੂੰ ਇਲੈਕਟ੍ਰਿਕ ਵੀਲ੍ਹ ਚੇਅਰਜ਼ ਪ੍ਰਦਾਨ ਕੀਤੀਆਂ ਗਈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਕੁਰਸੀਆਂ ਪ੍ਰੀਖਿਆ ਸ਼ਾਖਾ ਦੇ ਕਰਮਚਾਰੀ ਰਾਮਪਾਲ ਅਤੇ ਡੀਨ ਅਕਾਦਮਿਕ ਮਾਮਲੇ ਵਿਭਾਗ ਦੇ ਜਗਦੀਸ਼ ਨੂੰ ਸੌਂਪਦਿਆਂ ਸੈਂਟਰ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ। ਸੈਂਟਰ ਦੇ ਡਾਇਰੈਕਟਰ ਡਾ. ਕਿਰਨ ਨੇ ਦੱਸਿਆ ਕਿ ਇਨ੍ਹਾਂ ਕੁਰਸੀਆਂ ਦੀ ਖਰੀਦ ਲਈ ਉਨ੍ਹਾਂ ਆਪਣੇ ਨਿੱਜੀ ਦਾਇਰੇ ਵਿੱਚੋਂ ਫੰਡ ਇਕੱਠਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪੁਰਾਣੀਆਂ ਦੋਸਤ ਲੜਕੀਆਂ ਜੋ ਵਿਦੇਸ਼ਾਂ ਵਿੱਚ ਵਸਦੀਆਂ ਹਨ ਦੀ ਮਦਦ ਨਾਲ਼ 90 ਹਜ਼ਾਰ ਰੁਪਏ ਫੰਡ ਇਕੱਠਾ ਕੀਤਾ ਜਿਸ ਨਾਲ਼ ਇਹ ਕਾਰਜ ਨੇਪਰੇ ਚੜ੍ਹ ਸਕਿਆ।
 • 2023/06/06 ਪੰਜਾਬੀ ਯੂਨੀਵਰਸਿਟੀ, ਪਟਿਆਲਾ ਲੰਘੇ ਸ਼ਨੀਵਾਰ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਅਤੇ ਪਟਿਆਲਾ ਡੈੱਫ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਉੱਤੇ ਦੋ ਦਿਨਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਕਲਾਂਗਤਾ ਨਾਲ਼ ਜੁੜੇ ਅਧਿਕਾਰਾਂ ਸੰਬੰਧੀ ਵਿਸ਼ੇਸ਼ ਕਾਨੂੰਨ 'ਰਾਈਟਸ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਐਕਟ-2016' ਬਾਰੇ ਜਾਗਰੂਕਤਾ ਕਰਨ ਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਕਿਸ ਹਾਲਾਤ ਵਿੱਚ ਇਹ ਕਾਨੂੰਨ ਹੋਂਦ ਵਿੱਚ ਆਇਆ ਅਤੇ ਇਸ ਨਾਲ਼ ਵਿਕਲਾਂਗ ਵਿਅਕਤੀਆਂ ਦੀਆਂ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਚਰਚਾ ਦੌਰਾਨ ਇੱਕ ਵਿਸ਼ੇਸ਼ ਨੁਕਤਾ ਇਹ ਉੱਭਰ ਕੇ ਸਾਹਮਣੇ ਆਇਆ ਕਿ ਵਿਕਲਾਂਗਾਂ ਅੰਦਰ ਵੀ ਕੁੱਝ ਵਿਸ਼ੇਸ਼ ਸ਼ਰੇਣੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਬਾਕੀ ਵਿਕਲਾਂਗ ਸ਼ਰੇਣੀਆਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਦਾਹਰਨ ਵਜੋਂ ਬੋਲਣ ਸੁਣਨ ਤੋਂ ਅਸਮਰਥ ਲੋਕਾਂ ਬਾਰੇ ਅਦਾਰਿਆਂ ਵਿੱਚ ਆਮ ਤੌਰ ਉੱਤੇ ਇਹ ਧਾਰਨਾ ਬਣੀ ਹੁੰਦੀ ਹੈ ਕਿ ਉਨ੍ਹਾਂ ਨਾਲ਼ ਸੰਵਾਦ ਰਚਾਉਣਾ ਔਖਾ ਹੈ। ਇਸ ਲਈ ਉਨ੍ਹਾਂ ਨੂੰ ਅਕਸਰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੌਕਰੀਆਂ ਉੱਤੇ ਵੀ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਜਾਂਦਾ ਜਿੱਥੇ ਕਿ ਭਰਤੀ ਕੀਤਾ ਜਾ ਸਕਦਾ ਹੈ। ਵਿਚਾਰ ਚਰਚਾ ਦੌਰਾਨ ਕਿਹਾ ਗਿਆ ਕਿ 21 ਤਰੀਕਿਆਂ ਦੀ ਵਿਕਲਾਂਗਤਾ ਨੂੰ ਠੀਕ ਤਰੀਕੇ ਨਾਲ਼ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਨੂੰ ਬਣਾਉਣ ਲਈ ਜਿਸ ਤਰ੍ਹਾਂ ਸੰਘਰਸ਼ ਕਰਨਾ ਪਿਆ ਓਸੇ ਤਰ੍ਹਾਂ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਵੀ ਸੰਘਰਸ਼ ਕਰਨਾ ਪਵੇਗਾ।
 • 2023/06/06 ਪੰਜਾਬੀ ਯੂਨੀਵਰਸਿਟੀ, ਪਟਿਆਲਾ ਲੰਘੇ ਸ਼ਨੀਵਾਰ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਅਤੇ ਪਟਿਆਲਾ ਡੈੱਫ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਉੱਤੇ ਦੋ ਦਿਨਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਕਲਾਂਗਤਾ ਨਾਲ਼ ਜੁੜੇ ਅਧਿਕਾਰਾਂ ਸੰਬੰਧੀ ਵਿਸ਼ੇਸ਼ ਕਾਨੂੰਨ 'ਰਾਈਟਸ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਐਕਟ-2016' ਬਾਰੇ ਜਾਗਰੂਕਤਾ ਕਰਨ ਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਕਿਸ ਹਾਲਾਤ ਵਿੱਚ ਇਹ ਕਾਨੂੰਨ ਹੋਂਦ ਵਿੱਚ ਆਇਆ ਅਤੇ ਇਸ ਨਾਲ਼ ਵਿਕਲਾਂਗ ਵਿਅਕਤੀਆਂ ਦੀਆਂ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਚਰਚਾ ਦੌਰਾਨ ਇੱਕ ਵਿਸ਼ੇਸ਼ ਨੁਕਤਾ ਇਹ ਉੱਭਰ ਕੇ ਸਾਹਮਣੇ ਆਇਆ ਕਿ ਵਿਕਲਾਂਗਾਂ ਅੰਦਰ ਵੀ ਕੁੱਝ ਵਿਸ਼ੇਸ਼ ਸ਼ਰੇਣੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਬਾਕੀ ਵਿਕਲਾਂਗ ਸ਼ਰੇਣੀਆਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਦਾਹਰਨ ਵਜੋਂ ਬੋਲਣ ਸੁਣਨ ਤੋਂ ਅਸਮਰਥ ਲੋਕਾਂ ਬਾਰੇ ਅਦਾਰਿਆਂ ਵਿੱਚ ਆਮ ਤੌਰ ਉੱਤੇ ਇਹ ਧਾਰਨਾ ਬਣੀ ਹੁੰਦੀ ਹੈ ਕਿ ਉਨ੍ਹਾਂ ਨਾਲ਼ ਸੰਵਾਦ ਰਚਾਉਣਾ ਔਖਾ ਹੈ। ਇਸ ਲਈ ਉਨ੍ਹਾਂ ਨੂੰ ਅਕਸਰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੌਕਰੀਆਂ ਉੱਤੇ ਵੀ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਜਾਂਦਾ ਜਿੱਥੇ ਕਿ ਭਰਤੀ ਕੀਤਾ ਜਾ ਸਕਦਾ ਹੈ। ਵਿਚਾਰ ਚਰਚਾ ਦੌਰਾਨ ਕਿਹਾ ਗਿਆ ਕਿ 21 ਤਰੀਕਿਆਂ ਦੀ ਵਿਕਲਾਂਗਤਾ ਨੂੰ ਠੀਕ ਤਰੀਕੇ ਨਾਲ਼ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਨੂੰ ਬਣਾਉਣ ਲਈ ਜਿਸ ਤਰ੍ਹਾਂ ਸੰਘਰਸ਼ ਕਰਨਾ ਪਿਆ ਓਸੇ ਤਰ੍ਹਾਂ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਵੀ ਸੰਘਰਸ਼ ਕਰਨਾ ਪਵੇਗਾ।
 • 2023/06/06 ਪੰਜਾਬੀ ਯੂਨੀਵਰਸਿਟੀ, ਪਟਿਆਲਾਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋ. ਮੇਵਾ ਸਿੰਘ ਦੀ ਇੰਟਰਨੈਸ਼ਨਲ ਪਰਾਈਮੈਟੌਲੋਜੀਕਲ ਸੋਸਾਇਟੀ ਦੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਲਈ ਚੋਣ ਹੋਈ ਹੈ। ਇਸ ਐਵਾਰਡ ਲਈ ਚੁਣੇ ਜਾਣ ਵਾਲੀ ਉਹ ਏਸ਼ੀਆ ਦੀ ਦੂਜੀ ਅਤੇ ਭਾਰਤ ਦੀ ਪਹਿਲੀ ਸ਼ਖ਼ਸੀਅਤ ਹਨ। ਇਹ ਐਵਾਰਡ ਹੁਣ ਤੱਕ ਸੰਸਾਰ ਭਰ ਦੀਆਂ ਸਿਰਫ਼ 10 ਸ਼ਖ਼ਸੀਅਤਾਂ ਨੂੰ ਹੀ ਪ੍ਰਾਪਤ ਹੋਇਆ ਹੈ। ਜਿ਼ਕਰਯੋਗ ਹੈ ਕਿ ਕਰਨਾਟਕਾ ਦੀ ਯੂਨੀਵਰਸਿਟੀ ਆਫ਼ ਮੈਸੂਰ ਵਿਖੇ ਕਾਰਜਸ਼ੀਲ ਪ੍ਰੋ. ਮੇਵਾ ਸਿੰਘ ਨੇ 1971 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਬੀ. ਏ. ਕੀਤੀ ਹੈ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਐੱਮ.ਐੱਸ.ਸੀ. ਕਰਨ ਉਪਰੰਤ ਉਨ੍ਹਾਂ ਵਿਗਿਆਨ ਨੂੰ ਆਪਣਾ ਖੋਜ ਖੇਤਰ ਚੁਣ ਲਿਆ ਸੀ। ਜਾਨਵਰਾਂ ਦੇ ਵਿਵਹਾਰ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋ. ਮੇਵਾ ਸਿੰਘ ਨੇ ਆਰੰਭ ਵਿੱਚ ਸਿ਼ਵਾਲਿਕ ਖੇਤਰ ਵਿਚਲੇ ਬਾਂਦਰਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ ਜਿਸ ਨੂੰ ਜਾਰੀ ਰਖਦਿਆਂ ਉਨ੍ਹਾਂ ਸਿ਼ਵਾਲਿਕ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵਿਚਲੇ ਬਾਂਦਰਾਂ ਬਾਰੇ ਵਿਗਿਆਨਕ ਖੋਜਾਂ ਕੀਤੀਆਂ। ਮੌਜੂਦਾ ਸਮੇਂ ਅੰਡੇਮਾਨ ਨਿਕੋਬਾਰ ਦੇ ਦੋ ਟਾਪੂਆਂ ਉੱਤੇ ਉਨ੍ਹਾਂ ਦੀ ਅਗਵਾਈ ਵਿੱਚ ਦੋ ਖੋਜਾਰਥੀ ਵੀ ਬਾਂਦਰਾਂ ਉੱਤੇ ਖੋਜ ਕਰ ਰਹੀਆਂ ਹਨ।
 • 2023/06/06 ਪੰਜਾਬੀ ਯੂਨੀਵਰਸਿਟੀ, ਪਟਿਆਲਾ਼ ਐੱਨ.ਐੱਸ.ਐੱਸ. ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ 'ਵਿਸ਼ਵ ਵਾਤਾਵਰਣ ਦਿਵਸ' ਮਨਾਉਂਦੇ ਹੋਏ ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਅਤੇ ਐਜੂਕੇਸ਼ਨ ਮਲਟੀ ਮੀਡਿਆ ਰਿਸਰਚ ਸੈਂਟਰ (ਈ. ਐੱਮ.ਆਰ.ਸੀ.)ਦੇ ਸਹਿਯੋਗ ਨਾਲ ਇੱਕ ਆਨਲਾਈਨ ਵਰਕਸ਼ਾਪ ਕਰਵਾਈ ਗਈ। ਵਾਤਾਵਰਣ ਚੇਤੰਨਤਾ ਦੇ ਵਿਸ਼ੇ 'ਸਸਟੇਨੇਬਲ ਪ੍ਰੈਕਟਿਸਜ਼ ਅਤੇ ਲਾਈਫ਼ ਮਿਸ਼ਨ' ਉੱਤੇ ਇਹ ਵਰਕਸ਼ਾਪ ਸ਼੍ਰੀ ਸਮਰਥ ਸ਼ਰਮਾ, ਕੰਨਸਲਟੈਂਟ ਮਹਾਤਮਾ ਗਾਂਧੀ ਨੈਸ਼ਨਲ ਕਾਂਉਸਲ ਆਫ ਰੂਰਲ ਐਜੁਕੇਸ਼ਨ, ਐਜੁਕੇਸ਼ਨ ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਈ ਗਈ ਜਿਨ੍ਹਾਂ ਵਲੰਟੀਅਰਜ਼ ਨੂੰ 'ਲਾਈਫ' ਸ਼ਬਦ ਦਾ ਅਰਥ 'ਲਾਈਫਸਟਾਈਲ ਫਾਰ ਐਨਵਾਇਰਨਮੈਂਟ' ਭਾਵ 'ਚੌਗਿਰਦੇ ਲਈ ਜੀਵਨ-ਜਾਚ' ਦੱਸਿਆ। ਉਨ੍ਹਾਂ ਕਿਹਾ ਕਿ ਜਿ਼ੰਦਗੀ ਦਾ ਅਰਥ ਵਾਤਾਵਰਣ ਨੂੰ ਬਚਾਉਣਾ ਹੈ ਨਾ ਕਿ ਇਸ ਨੂੰ ਤਬਾਹ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪੰਜ ਪੜਾਅ ਹਨ ਜਿਨ੍ਹਾਂ ਵਿੱਚ ਬਿਜਲੀ, ਪੈਟ੍ਰੋਲ ਬਚਾਓ, ਪਾਣੀ ਬਚਾਓ, ਸਿੰਗਲ ਯੂਜ਼ ਪਲਾਸਟਿਕ ਨਾ ਵਰਤੋ, ਈ ਵੇਸਟ ਘਟਾਉਣਾ ਅਤੇ ਜੈਵਿਕ ਭੋਜਨ ਪਦਾਰਥਾਂ ਦੀ ਵਰਤੋ ਕਰਨਾ ਸ਼ਾਮਿਲ ਹੈ।। ਇਹਨਾਂ ਪੰਜਾਂ ਗਲਾਂ ਨੂੰ ਧਿਆਨ ਵਿਚ ਰੱਖ ਕੇ ਇਕ ਵਿਅਕਤੀ ਸਿਹਤਮੰਦ ਜਿ਼ੰਦਗੀ ਗੁਜ਼ਾਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨੂੰ ਚੰਗੀ ਦੇਣ ਦੇ ਸਕਦਾ ਹੈ।ਇਸ ਮੌਕੇ ਉਨ੍ਹਾਂ ਸੰਵਾਦ ਨੂੰ ਦੋ-ਤਰਫ਼ਾ ਬਣਾਉਣ ਲਈ ਵਲੰਟੀਅਰਾਂ ਤੋਂ ਵੱਖ-ਵੱਖ ਸਵਾਲ ਪੁੱਛੇ ਅਤੇ ਆਪਣੇ ਵੱਲੋਂ ਜਵਾਬ ਵੀ ਦਿੱਤੇ। ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਹ ਵਰਕਸ਼ਾਪ ਦੋ ਦਿਨਾ ਪ੍ਰੋਗਰਾਮ ਲੜੀ ਦਾ ਹੀ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਵਾਤਾਵਰਣ ਸੰਵੇਦਨਸ਼ੀਲਤਾ ਵਧਾਉਣ ਲਈ ਇਕ ਚੇਤਨਾ ਰੈਲੀ ਕੈਂਪਸ ਦੇ ਆਰਟਸ ਬਲਾਕ ਨੰ. 2 ਤੋ ਕੱਢੀ ਗਈ ਸੀ।
 • 2023/06/05 ਪਟਿਆਲਾ:— ਮਾਨਯੋਗ ਵਾਈਸ ਚਾਂਸਲਰ ਸਾਹਿਬ ਜੀ ਦੀ ਅਗਵਾਈ ਹੇਠ ਐਨ.ਐਸ.ਐਸ. ਵਿਭਾਗ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਵੱਲੋ ਆਜਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਹੋਏ ਐਨ.ਐਸ. ਵਿਭਾਗ ਵੱਲੋ ਪੰਜਾਬ ਦਾ ਵਣ ਤ੍ਰਿਣ ਵਿਭਾਗ ਜੀਵ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਅਤੇ ਐਜੂਕੇਸ਼ਨ ਮਲਟੀ ਮੀਡਿਆ ਰਿਸਰਚ ਸੈਂਟਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਅੱਜ ਮਿਤੀ 05 ਜੂਨ 2023 ਨੂੰ ਮਿਸ਼ਨ ਲਾਈਫ ਤਹਿਤ ਵਾਤਾਵਰਣ ਸੰਵੇਦਨਸ਼ੀਲਤਾ ਵਧਾਉਣ ਲਈ ਇਕ ਚੇਤਨਾ ਰੈਲੀ ਕੈਂਪਸ ਦੇ ਆਰਟਸ ਬਲਾਕ ਨੰ. 2 ਤੋ ਕੱਢੀ ਗਈ। ਐਨ.ਐਸ.ਐਸ. ਵਲੰਟੀਅਰਜ਼ ਵੱਲੋ ਰਜਿਸਟਰਾਰ ਦਫਤਰ ਜਾ ਕੇ ਕਰਮਚਾਰੀਆ ਨੂੰ ਪੇਪਰ ਦੀ ਘੱਟ ਵਰਤੋ ਕਰਕੇ ਡਿਜਿਟਲਾਈਜੇਸ਼ਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਰੈਲੀ ਵਿਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਵਲੰਟੀਅਰਜ਼ ਨੂੰ ਪਲਾਸਟਿਕ ਦੀ ਵਰਤੋ ਘੱਟ ਤੋ ਘੱਟ ਕਰਨ ਲਈ ਕਿਹਾ।ਡਾ. ਹਿਮੇਂਦਰ ਭਾਰਤੀ ਵਿਭਾਗ ਜੁਆਲਜੀ ਅਤੇ ਇਨਵਾਈਰਨਮੈਂਟਲ ਸਾਇੰਸ ਨੇ ਵਲੰਟੀਅਰਜ਼ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਥੇ ਪ੍ਰਦੂਸ਼ਨ ਵੱਧ ਰਿਹਾ ਹੈ ਉਥੇ ਸਿਹਤਮੰਦ ਜਿੰਦਗੀ ਜੀਊਣ ਲਈ ਚੰਗੀ ਖੁਰਾਕ ਨੂੰ ਅਪਣਾਉਣਾ ਵੀ ਜਰੂਰੀ ਹੈ। ਇਸ ਰੈਲੀ ਤੋ ਬਾਅਦ ਵਾਤਾਵਰਣ ਬਚਾਉਣ ਲਈ ਸੁਹੰ ਚੱੁਕੀ ਗਈ । ਇਸ ਮਹਾਂ ਜਾਗਰੂਕਤਾ ਰੈਲੀ ਵਿਚ ਪੰਜਾਬੀ ਯੁਨੀਵਰਸਿਟੀ ਦੇ ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਇੰਜ. ਚਰਨਜੀਵ ਸਰੋਆ ਤੋ ਇਲਾਵਾ 70 ਵਲੰਟੀਅਰਜ਼ ਨੇ ਭਾਗ ਲਿਆ।
 • 2023/06/2 ਬਰਾਬਰੀ ਵਾਲੇ ਸਮਾਜ ਦੇ ਸੁਪਨਸਾਜ਼ ਪ੍ਰੋ. ਇਸ਼ਤਿਆਕ ਅਹਿਮਦ ਨਾਲ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਵੱਲੋਂ ਰੂਬਰੂ ਕਰਵਾਇਆ ਗਿਆ । ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਪ੍ਰੋ. ਇਸ਼ਤਿਆਕ ਅਹਿਮਦ ਹੁਰਾਂ ਦੇ ਜੀਵਨ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਹਿਮਦ ਸਾਹਿਬ ਆਪਣੇ ਖੇਤਰ ਦੇ ਵਿਹਾਰਕ ਕਿਸਮ ਦੇ ਉੱਚ ਪਾਏ ਦੇ ਵਿਦਵਾਨ ਹਨ। ਪ੍ਰੋ.ਇਸ਼ਤਿਆਕ ਅਹਿਮਦ ਇੱਕ ਸਵੀਡਿਸ਼ ਰਾਜਨੀਤੀ ਵਿਗਿਆਨੀ ਅਤੇ ਨਾਮਵਰ ਲੇਖਕ ਹਨ। ਗ੍ਰੈਜੂਏਸ਼ਨ ਐਫ.ਸੀ ਕਾਲਜ ਲਾਹੌਰ ਤੋਂ ਕੀਤੀ ਅਤੇ ਸਟਾਕਹੋਮ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਪੀਐੱਚ.ਡੀ. ਕੀਤੀ ਹੋਈ ਹੈ। ਉਹ ਸਰਕਾਰੀ ਕਾਲਜ, ਲਾਹੌਰ ਦੇ ਵਿਜ਼ਟਿੰਗ ਪ੍ਰੋਫ਼ੈਸਰ ਵੀ ਰਹੇ ਹਨ। ਵਰਤਮਾਨ ਸਮੇਂ ਉਹ ਸਟਾਕਹੋਮ ਯੂਨੀਵਰਸਿਟੀ, ਸਵੀਡਨ ਵਿਖੇ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਆਫ਼ ਐਮੀਰਿਟਸ ਵਜੋਂ ਸੇਵਾਵਾਂ ਦੇ ਰਹੇ ਹਨ।
 • 2023/05/02 ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਰੈੱਸ ਰਿਲੀਜ਼ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ (ਈ. ਐੱਮ.ਆਰ.ਸੀ.), ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਦਲਜੀਤ ਅਮੀ ਦੀ ਅਗਵਾਈ ਵਿੱਚ ਦੋ ਮੈਂਬਰੀ ਟੀਮ ਨੇ ਆਂਧਰਾ ਪ੍ਰਦੇਸ ਦੀ ਰਾਜਧਾਨੀ ਹੈਦਰਾਬਾਦ ਵਿਖੇ ਓਸਮਾਨੀਆ ਯੂਨੀਵਰਸਿਟੀ ਵਿਚਲੇ ਈ. ਐੱਮ.ਆਰ.ਸੀ. ਵਿੱਚ ਕਰਵਾਏ 24ਵੇਂ ਨੈਸ਼ਨਲ ਐਜੂਕੇਸ਼ਨਲ ਫਿਲਮ ਫੈਸਟੀਵਲ ਵਿੱਚ ਸਿ਼ਰਕਤ ਕੀਤੀ। ਇਹ ਫੈਸਟੀਵਲ ਸੀ. ਈ. ਸੀ. (ਕੰਸੋਰਟੀਅਮ ਫ਼ਾਰ ਐਜੂਕੇਸ਼ਨਲ ਕਮਿਊਨੀਕੇਸ਼ਨ) ਅਤੇ ਯੂ.ਜੀ.ਸੀ. (ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ) ਵੱਲੋਂ ਕਰਵਾਇਆ ਗਿਆ ਸੀ।
 • 2023/04/29, ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਰੈੱਸ ਰਿਲੀਜ਼ ਪਿੰਡਾਂ ਵਿੱਚ ਹਰੇ ਇਨਕਲਾਬ ਤੋਂ ਬਾਅਦ ਸੱਭਿਆਚਾਰਕ ਪੱਖ ਤੋਂ ਕਿਹੜੀਆਂ ਤਬਦੀਲੀਆਂ ਆਈਆ; ਇਸ ਵਰਤਾਰੇ ਦਾ ਲੋਕਾਂ ਦੀ ਜੀਵਨ-ਜਾਚ ਉੱਤੇ ਕਿੰਨਾ ਕੁ ਚੰਗਾ-ਮਾੜਾ ਅਸਰ ਹੋਇਆ, ਆਦਿ ਨੁਕਤਿਆਂ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਖੋਜ ਹੋਈ। 'ਹਰੇ ਇਨਕਲਾਬ ਤੋਂ ਪਿੱਛੋਂ ਪੰਜਾਬੀ ਸੱਭਿਆਚਰਕ ਰੂਪਾਂਤਰਣ' ਵਿਸ਼ੇ ਉੱਤੇ ਇਹ ਖੋਜ-ਕਾਰਜ ਡਾ. ਰਾਜਿੰਦਰਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਖੋਜਾਰਥੀ ਬਲਵੰਤ ਸਿੰਘ ਨੇ ਕੀਤਾ। ਇਸ ਖੋਜ-ਕਾਰਜ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਨੂੰ ਇੱਕ ਪਿੰਡ ਦੀ ਸੱਭਿਆਚਾਰਕ ਇਕਾਈ ਵਜੋਂ ਅਧਿਐਨ ਖੇਤਰ ਦਾ ਵਿਸ਼ਾ ਬਣਾਇਆ ਗਿਆ।
 • 2023/04/29, ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਰੈੱਸ ਰਿਲੀਜ਼ "ਪੰਜਾਬੀ ਯੂਨੀਵਰਸਿਟੀ ਮਾਲਵੇ ਦਾ ਦਿਲ ਹੈ। ਪੰਜਾਬੀ ਯੂਨੀਵਰਸਿਟੀ ਦਾ ਜਿ਼ਕਰ ਆਉਂਦਿਆਂ ਹੀ ਮਾਲਵਾ ਵਿਰਾਸਤ ਦੀ ਇੱਕ ਤਸਵੀਰ ਸਾਡੇ ਜਿ਼ਹਨ ਵਿੱਚ ਆ ਜਾਂਦੀ ਹੈ। ਇਹ ਉਹ ਯੂਨੀਵਰਸਿਟੀ ਹੈ ਜਿਸ ਨੇ ਕਲਾ, ਸਾਹਿਤ, ਵਪਾਰ, ਰਾਜਨੀਤੀ, ਧਰਮ ਆਦਿ ਹਰੇਕ ਖੇਤਰ ਵਿੱਚ ਵੱਡੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ।" ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਦੇ 62ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗੇ। ਮਹੀਨਾਵਾਰ ਗਰਾਂਟ ਵਿੱਚ ਕੀਤੇ ਵਾਧੇ ਦਾ ਵਿਸ਼ੇਸ਼ ਜਿ਼ਕਰ ਕਰਦਿਆਂ ਉਨ੍ਹਾਂ ਆਪਣੇ ਪੁਰਾਣੇ ਵਚਨਾਂ ਨੂੰ ਮੁੜ ਦ੍ਰਿੜਾਇਆ ਕਿ ਸਿੱਖਿਆ ਨੂੰ ਕਰਜ਼ੇ ਹੇਠ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਹਮੇਸ਼ਾ ਵਾਂਗ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਗੁਰੂ ਤੇਗ ਬਹਾਦਰ ਹਾਲ ਵਿੱਚ ਨਾਲ ਕਿਸ ਤਰੀਕੇ ਨਾਲ਼ ਭਾਵੁਕ ਤੌਰ ਉੱਤੇ ਜੁੜੇ ਹੋਏ ਹਨ। ਉਨ੍ਹਾਂ ਇਸ ਹਾਲ ਦੇ ਨਵੀਨੀਕਰਨ ਕਰਨ ਬਾਰੇ ਵੀ ਵਾਅਦਾ ਕੀਤਾ ਤਾਂ ਕਿ ਇਸ ਨੂੰ ਆਧੁਨਿਕ ਸਹੂਲਤਾਂ ਨਾਲ਼ ਲੈਸ ਕਰ ਕੇ ਵਿਸ਼ਵ ਪੱਧਰ ਦੀਆਂ ਇਕੱਤਰਤਾਵਾਂ ਦੇ ਯੋਗ ਬਣਾਇਆ ਜਾ ਸਕੇ।
 • 2023/04/28 ਲੋਕ ਸੰਪਰਕ ਵਿਭਾਗ ,ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਚ ਵਿਭਾਗ ਵਿਖੇ ਮਿਤੀ 25 ਤੋਂ 28, ਅਪ੍ਰੈਲ 2023 ਤੱਕ ਸਕਿਲ ਡਿਵੈਲਪਮੈਂਟ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੱਥਕ ਦੇ ਪ੍ਰਸਿੱਧ ਕਲਾਕਾਰ ਅਤੇ ਅਧਿਆਪਕ ਡਾ. ਦੀਪਾਂਵਿਤਾ ਰਾਏ ਨੇ ਬਤੌਰ ਵਿਸ਼ਾ ਮਾਹਿਰ ਸਿਰਕਤ ਕੀਤੀ। ਇਸ ਦੀ ਸਮਾਪਤੀ ਮਿਤੀ 28 ਅਪ੍ਰੈਲ 2023 ਨੂੰ ਸ਼ਾਮ 06:00 ਵਜੇ ਕੀਤੀ ਗਈ। ਇਸ ਵਰਕਸ਼ਾਪ ਵਿਚ ਲਖਨਊ ਘਰਾਣੇ ਦੇ ਪੰਡਿਤ ਬਿਰਜੂ ਮਹਾਰਾਜ ਦੀ ਵਿਲੱਖਣ ਸ਼ੈਲੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਲਖਨਊ ਘਰਾਣੇ ਦੇ ਤਕਨੀਕੀ ਪੱਖ ਦੀ ਨ੍ਰਿਤ ਸਿੱਖਿਆ ਦਿੱਤੀ ਗਈ। ਵਿਭਾਗ ਮੁਖੀ ਡਾ. ਸਿਮੀ ਨੇ ਦੱਸਿਆ ਕਿ 29 ਅਪ੍ਰੈਲ ਨੂੰ ਇਸ ਸਿੱਖਿਆ ਦੀ ਪ੍ਰਸਤੁਤੀ ਵਿਦਿਆਰਥੀਆਂ ਵੱਲੋਂ ਦਿੱਤੀ ਜਾਵੇਗੀ। ਖੁਦ ਡਾ. ਦੀਪਾਂਵਿਤਾ ਰਾਏ ਵੀ ਕੌਮਾਂਤਰੀ ਨਾਚ ਦਿਹਾੜੇ ਮੌਕੇ ਆਪਣੀ ਨਾਚ ਪੇਸ਼ਕਾਰੀ ਦੇਣਗੇ।
 • 2023/04/28, ਲੋਕ ਸੰਪਰਕ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ 'ਇਲੈਕਟ੍ਰੋਨਿਕਸ ਇੰਜੀਨੀਅਰਿੰਗ ਖੇਤਰ ਦੇ ਨਵੇਂ ਰੁਝਾਨ' ਵਿਸ਼ੇ ਉੱਤੇ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਮੌਕੇ ਵਿਭਾਗ ਵੱਲੋਂ 'ਅਡਵਾਂਸਮੈਂਟ ਇਨ ਆਪਟਿਕਸ ਅਤੇ ਫੋਟੋਨਿਕਸ' ਵਿਸ਼ੇ ਤੇ ਸਿੰਪੋਜ਼ੀਅਮ ਵੀ ਕਰਵਾਇਆ ਗਿਆ।ਕਾਨਫਰੰਸ ਦਾ ਉਦਘਾਟਨ ਕਰਦਿਆਂ ਉਪ ਕੁਲਪਤੀ ਡਾ. ਅਰਵਿੰਦ ਨੇ ਜਿੱਥੇ ਇਸ ਅੰਤਰਰਾਸ਼ਟਰੀ ਕਾਨਫਰੰਸ ਲਈ ਵਧਾਈ ਦਿੱਤੀ ਉੱਥੇ ਹੀ ਇਹੋ ਜਿਹੀਆਂ ਹੋਰ ਗਤੀਵਿਧੀਆਂ ਕਰਨ ਲਈ ਪ੍ਰੇਰਿਆ।
 • 2023/04/27 ਲੋਕ ਸੰਪਰਕ ਵਿਭਾਗ ,ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਰੈੱਸ ਨੋਟ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 'ਕੰਮਕਾਜੀ ਔਰਤਾਂ ਦਾ ਜਿਨਸੀ ਸੋਸ਼ਣ ਰੋਕਥਾਮ ਕੇਂਦਰ (ਪ੍ਰੀਵੈਨਸ਼ਨ ਆਫ਼ ਸੈਕਸੂਅਲ ਹਰਾਸ਼ਮੈਂਟ ਆਫ਼ ਵੂਮੈਨ ਐਟ ਵਰਕਪਲੇਸ ਸੈੱਲ) ਵੱਲੋਂ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਰਹਿ ਰਹੀਆਂ ਵਿਦਿਆਰਥੀ ਲੜਕੀਆਂ ਨੂੰ ਉਹਨਾਂ ਦੀ ਸੁਰੱਖਿਆ ਸੰਬੰਧੀ ਜਾਗਰੂਕ ਕਰਨ ਹਿਤ ਪ੍ਰੋਗਰਾਮ ਕਰਵਾਇਆ।'ਆਓ ਔਰਤਾਂ ਦੇ ਮੁੱਦਿਆਂ ਉੱਤੇ ਗੱਲ ਕਰੀਏ' ਨਾਮਕ ਇਹ ਪ੍ਰੋਗਰਾਮ ਸਾਇੰਸ ਆਡੀਟੋਰੀਮਅ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀ ਲੜਕੀਆਂ ਦੀ ਸੁਰੱਖਿਆ ਸੰਬੰਧੀ ਸਮੱਸਿਆਵਾਂ ਨੂੰ ਯੂਨੀਵਰਸਿਟੀ ਪੱਧਰ ਉੱਤੇ ਹੱਲ ਕਰਨ ਵਾਲੀ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਮੈਂਬਰਾਂ ਵੱਲੋਂ ਹੋਸਟਲਾਂ ਵਿੱਚ ਰਹਿ ਰਹੀਆਂ ਲੜਕੀਆਂ ਨਾਲ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਕੀਤੀ ਗਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਹ ਪ੍ਰੋਗਰਾਮ ਲੜੀਵਾਰ ਤਰੀਕੇ ਨਾਲ ਕਰਵਾਇਆ ਜਾਵੇਗਾ ਜਿਸ ਵਿੱਚ ਹਰ ਮਹੀਨੇ ਅਲੱਗ-ਅਲੱਗ ਹੋਸਟਲਾਂ ਵਿੱਚ ਰਹਿ ਰਹੀਆਂ ਵਿਦਿਆਰਥੀ ਲੜਕੀਆਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾਵੇਗੀ।
 • 2023/04/24 ਲੋਕ ਸੰਪਰਕ ਵਿਭਾਗ,ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਰੈੱਸ ਰਿਲੀਜ਼ ਫਾਰਮਾਸਿਊਟੀਕਲ ਸਾਇੰਸਜ਼ ਐਂਡ ਡਰੱਗ ਰਿਸਰਚ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਐਮ. ਫਾਰਮੇਸੀ ਦੇ ਵਿਦਿਆਰਥੀ ਸੋਨੂੰ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਯੋਜਿਤ ਨੈਸ਼ਨਲ ਸਿੰਪੋਜ਼ੀਅਮ ਕਮ ਵਰਕਸ਼ਾਪ ਦੌਰਾਨ 'ਪੋਸਟਰ ਸਿਰਜਣਾ' ਮੁਕਾਬਲੇ ਵਿੱਚ ਪਹਿਲਾ ਇਨਾਮ ਅਤੇ 'ਸਰਵੋਤਮ ਪੇਪਰ ਪੁਰਸਕਾਰ' ਪ੍ਰਾਪਤ ਕੀਤਾ। ਉਸ ਦਾ ਯਾਦਗਾਰੀ ਚਿੰਨ੍ਹ ਅਤੇ 4000 ਰੁਪਏ ਦਾ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ। ਇਹ ਕਾਨਫ਼ਰੰਸ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਚਿਤਕਾਰਾ ਯੂਨੀਵਰਸਿਟੀ ਵੱਲੋਂ ਕਰਵਾਈ ਗਈ। ਸੋਨੂੰ ਕੁਮਾਰ ਦਾ ਇਹ ਸੰਬੰਧਤ ਖੋਜ ਕਾਰਜ ਡਾ. ਵਿਕਾਸ ਰਾਣਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਖੋਜ-ਕਾਰਜ ਵਿੱਚ ਤਿਆਰ ਸਪਰੇਅ ਵਿਧੀ ਐੱਚ.ਆਈ.ਵੀ ਦੀ ਲਾਗ ਤੋਂ ਪੀੜਤ ਮਰੀਜ਼ਾਂ ਦੀ ਰਿਕਵਰੀ ਵਿੱਚ ਸੁਧਾਰ ਕਰਨ ਹਿਤ ਮਦਦਗਾਰ ਸਾਬਿਤ ਹੁੰਦੀ ਹੈ। ਡਾ. ਵਿਕਾਸ ਰਾਣਾ ਨੇ ਦੱਸਿਆ ਕਿ ਇਹ ਇੱਕ ਰਾਸ਼ਟਰੀ ਸਿੰਪੋਜ਼ੀਅਮ-ਕਮ ਵਰਕਸ਼ਾਪ ਸੀ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 200 ਡੈਲੀਗੇਟਾਂ ਨੇ ਭਾਗ ਲਿਆ ਅਤੇ ਵੱਖ-ਵੱਖ ਫਾਰਮੇਸੀ ਸੰਸਥਾਵਾਂ ਅਤੇ ਉਦਯੋਗਾਂ ਵਿੱਚ ਖੋਜ ਗਤੀਵਿਧੀਆਂ ਨੂੰ ਦਰਸਾਉਂਦੇ 50 ਪੋਸਟਰ ਪੇਸ਼ ਕੀਤੇ ਗਏ ਸਨ।
 • 2023/04/24 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ,ਪ੍ਰੈੱਸ ਨੋਟ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (ਕੈਨੇਡਾ) ਦੇ ਵਿੱਤੀ ਸਹਿਯੋਗ ਨਾਲ ਤਿਆਰ ਕੀਤੇ ਪੰਜਾਬੀ ਦੇ 5 ਖ਼ੂਬਸੂਰਤ ਯੂਨੀਕੋਡ ਫੌਂਟਾਂ ਨੂੰ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਲੋਕ ਅਰਪਣ ਕੀਤਾ। ਪ੍ਰੋਗਰਾਮ ਦੇ ਸ਼ੁਰੂ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ। ਸਮਾਰੋਹ ਵਿਚ ਜੀਐੱਨਆਈ ਸੰਸਥਾ ਦੇ ਚੇਅਰਮੈਨ, ਉੱਘੇ ਸਿੱਖ ਚਿੰਤਕ ਤੇ ਸਮਾਜ ਸੇਵੀ ਡਾ. ਗਿਆਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਸੰਸਥਾ ਦੇ ਬੋਰਡ ਦੇ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਡਾ. ਗਿਆਨ ਸਿੰਘ ਨੇ ਡਾ. ਸੀ ਪੀ ਕੰਬੋਜ ਨੂੰ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਸੰਪੂਰਨ ਕਰਨ ਤੇ ਵਧਾਈ ਦਿੱਤੀ। ਇਸ ਸਮੇਂ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਡਾ. ਕੰਬੋਜ ਦੀ ਅਗਵਾਈ ਹੇਠ ਪੰਜਾਬੀ ਫੌਂਟ ਵਿਕਾਸ ਦੇ ਖੇਤਰ ਵਿਚ ਆਧੁਨਿਕ ਤਕਨਾਲੋਜੀ ਵਾਲੇ ਹੋਰ ਵੀ ਫੌਂਟ ਬਣਾਏਗੀ।
 • 2023/04/22 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਰੈੱਸ ਰਿਲੀਜ਼ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ (PSCST), ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਗਾਈਡ ਅਧਿਆਪਕਾਂ ਲਈ ਨੈਸ਼ਨਲ ਬਾਲ ਵਿਗਿਆਨ ਕਾਂਗਰਸ (NCSC) 2023 ਲਈ ਰਾਜ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸਾਰੇ ਭਾਗੀਦਾਰਾਂ ਨੂੰ ਆਉਣ ਵਾਲੇ ਬਾਲ ਵਿਗਿਆਨ ਕਾਂਗਰਸ ਪ੍ਰੋਗਰਾਮ ਲਈ ਸਿਖਲਾਈ ਦੇਣਾ ਅਤੇ ਮੌਜੂਦਾ ਸਾਲ ਦੇ ਥੀਮ ‘ਸਿਹਤ ਅਤੇ ਤੰਦਰੁਸਤੀ ਲਈ ਈਕੋ ਸਿਸਟਮ’ ਅਤੇ ਇਸਦੀ ਮੁਲਾਂਕਣ ਪ੍ਰਕਿਰਿਆ ਨੂੰ ਸਮਝਣਾ ਸੀ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਉਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਹੱਥ ਫੜਨ ਅਤੇ ਮਾਰਗ-ਦਰਸ਼ਨ ਕਰਨ ਦੀ ਮੌਜੂਦਾ ਲੋੜ ਤੇ ਜ਼ੋਰ ਦਿੱਤਾ ਜਿਨ੍ਹਾਂ ਨੇ ਵਿਗਿਆਨ ਕਾਂਗਰਸ ਵਰਗੇ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ
 • 2023/04/21 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਦੱਖਣੀ ਭਾਰਤ ਦੇ ਕੋਚੀ ਵਿਖੇ ਹੋਣ ਵਾਲੇ ਕਲਾ ਮੇਲੇ ਵਿੱਚ ਪੰਜਾਬ ਨਾਲ਼ ਜੁੜੀ ਕਲਾ ਦੀ ਸ਼ਮੂਲੀਅਤ ਦੇ ਹਵਾਲੇ ਨਾਲ਼ ਦਲਜੀਤ ਅਮੀ ਨੇ ਪੰਜਾਬੀ ਵਿਭਾਗ ਵਿਖੇ ਇੱਕ ਨਿਵੇਕਲੇ ਅੰਦਾਜ਼ ਵਿੱਚ ਸੰਵਾਦ ਰਚਾਇਆ। 'ਵਿਵਾਨ ਸੁੰਦਰਮ : ਕਿਨ੍ਹਾਂ ਰਾਹੀਂ ਨੀ ਤੂੰ ਕੋਚੀ ਜਾਣਾ' (ਕੋਚੀ ਕਲਾ ਮੇਲੇ ਵਿੱਚ ਪੰਜਾਬ ਦੀ ਦਸਤਕ) ਨਾਮਕ ਵਿਸ਼ੇ ਉੱਤੇ ਗੱਲ ਕਰਦਿਆਂ ਐਜੂਕੇਸ਼ਨਲ ਮਲਟੀਮੀਡੀਆ ਸੈਂਟਰ ਦੇ ਡਾਇਰੈਕਟਰ ਅਮੀ ਨੇ ਦੱਸਿਆ ਕਿ ਹਰੇਕ ਦੋ ਸਾਲ ਬਾਅਦ ਲੱਗਣ ਵਾਲੇ ਇਸ ਮੇਲੇ ਦਾ ਕੇਂਦਰੀ ਥੀਮ ਇਸ ਵਾਰ ਸਥਾਪਨ ਕਲਾ (ਇਨਸਟਾਲੇਸ਼ਨ ਆਰਟ) ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਬਾਰੇ ਚਿੰਤਨ ਕਰਨ ਦੀ ਲੋੜ ਹੈ ਕਿ ਅਜਿਹੇ ਕਲਾ ਮੇਲੇ ਜਿੱਥੇ ਅਜਿਹੀਆਂ ਅਮੂਰਤ ਸਰੂਪ ਵਾਲੀਆਂ ਕਲਾਵਾਂ ਪ੍ਰਦਰਸਿ਼ਤ ਹੁੰਦੀਆਂ ਹਨ ਉੱਥੇ ਪੰਜਾਬ ਦੀ ਸ਼ਮੂਲੀਅਤ ਹੋਰ ਵੱਡੇ ਪੱਧਰ ਉੱਤੇ ਕਿਉਂ ਨਹੀਂ। ਸਾਨੂੰ ਇਸ ਸਵਾਲ ਦੇ ਸਨਮੁਖ ਹੋਣਾ ਪਵੇਗਾ ਕਿ ਕਿਤੇ ਪੰਜਾਬ ਵਿੱਚ ਅਜਿਹੀ ਕਲਾ ਦੇ ਪੈਦਾ ਹੋਣ ਸੰਬੰਧੀ ਕੋਈ ਸੀਮਾਵਾਂ ਤਾਂ ਨਹੀਂ। ਇਸ ਮੌਕੇ ਉਨ੍ਹਾਂ ਪੁਰਾਣੇ ਪੰਜਾਬ ਦੀ ਅਜਿਹੀ ਕਲਾ ਪਰੰਪਰਾ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਅਜਿਹੀ ਕਲਾ ਦੀ ਬਕਾਇਦਾ ਇੱਕ ਵਿਰਾਸਤ ਰਹੀ ਹੈ ਜਿਸ ਨੂੰ ਪਹਿਚਾਨਣ ਅਤੇ ਅੱਗੇ ਤੋਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੋ ਘਟਨਾਵਾਂ ਰਾਹੀਂ ਹਾਜ਼ਰ ਹੋਇਆ ਜਿਨ੍ਹਾਂ ਵਿੱਚੋਂ ਇੱਕ ਘਟਨਾ 1947 ਦੇ ਬਟਵਾਰੇ ਨਾਲ਼ ਸੰਬੰਧਤ ਸੀ ਜਦੋਂ ਕਿ ਦੂਜੀ ਕਿਸਾਨ ਮੋਰਚੇ ਨਾਲ਼। ਤੀਜੀ ਹਾਜ਼ਰੀ ਇਨ੍ਹਾਂ ਦੋਹਾਂ ਘਟਨਾਵਾਂ ਦੇ ਦਰਮਿਆਨ ਦੀ ਸ਼ਖ਼ਸੀਅਤ ਪ੍ਰਸਿੱਧ ਚਿੱਤਰਕਾਰ ਵਿਵਾਨ ਸੁੰਦਰਮ ਸੀ, ਜਿਨ੍ਹਾਂ ਦੇ ਕੁੱਝ ਕੰਮ ਉੱਥੇ ਹਾਜ਼ਰ ਸਨ, ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਵਿਵਾਨ ਸੁੰਦਰਮ ਦਾ ਪੰਜਾਬ ਨਾਲ਼ ਕਿਸ ਤਰ੍ਹਾਂ ਦਾ ਸੰਬੰਧ ਬਣਦਾ ਹੈ।
 • 2023/04/05 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪਰੈੱਸ ਰਿਲੀਜ਼ ਲੇਟੈਕਸ ਸਾਫ਼ਟਵੇਅਰ ਟੂਲ ਨਾਲ਼ ਤਕਨੀਕੀ ਤੌਰ ਉੱਤੇ ਲਿਖਣ ਦੀ ਸਿਖਲਾਈ ਪ੍ਰਦਾਨ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ । ਵਰਕਸ਼ਾਪ ਦੌਰਾਨ ਬਲੂ ਏਵਜ਼, ਈ ਹੈਲਥ ਪ੍ਰਾਈਵੇਟ ਲਿਮਟਿਡ ਨੋਇਡਾ ਤੋਂ ਪੁੱਜੇ ਮੁੱਖ ਬੁਲਾਰੇ ਮਜੀਦ ਬਸ਼ੀਰ ਨੇ ਇਸ ਬਾਰੇ ਸਿਖਲਾਈ ਦਿੱਤੀ। ਕੰਪਿਊਟਰ ਸਾਇੰਸ ਵਿਭਾਗ ਦੀ ਖੋਜਾਰਥੀ ਪ੍ਰਿਯੰਕਾ ਅਤੇ ਸਰਕਾਰੀ ਕਾਲਜ ਰੋਪੜ ਤੋਂ ਪੁੱਜੇ ਗੁਰਦੀਪ ਸਿੰਘ ਅਤੇ ਅੰਨੂ ਰਾਣੀ ਵੱਲੋਂ ਵੀ ਇਸ ਸਿਖਲਾਈ ਵਿੱਚ ਆਪਣਾ ਯੋਗਦਾਨ ਪਾਇਆ ਗਿਆ।
 • 2023/04/02 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼, ਚਾਵਲਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਮਾਣਿਕਤਾ ਸਹਿਤ ਪਛਾਣ ਕਰਨਾ ਹੁਣ ਕੰਪਿਊਟਰ ਸਾਫ਼ਟਵੇਅਰ ਰਾਹੀਂ ਸੰਭਵ ਹੈ। ਇਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਗਿਆਨ ਵਿਭਾਗ ਦੀ ਇੱਕ ਖੋਜ ਤਹਿਤ ਇੱਕ ਵੈੱਬ-ਅਧਾਰਿਤ ਟੂਲ ਦਾ ਨਿਰਮਾਣ ਕੀਤਾ ਗਿਆ ਹੈ। ਖੋਜਾਰਥੀ ਕੋਮਲ ਸ਼ਰਮਾ ਨੇ ਡਾ. ਗਣੇਸ਼ ਕੁਮਾਰ ਸੇਠੀ ਅਤੇ ਡਾ. ਰਾਜੇਸ਼ ਕੁਮਾਰ ਬਾਵਾ ਦੀ ਸਾਂਝੀ ਨਿਗਰਾਨੀ ਅਧੀਨ ਇਹ 'ਆਟੋਮੈਟਿਕ ਰਾਈਸ ਵੈਰਾਇਟੀ ਆਈਡੈਂਟੀਫਿਕੇਸ਼ਨ ਸਿਸਟਮ' ਨਾਮ ਦਾ ਟੂਲ ਤਿਆਰ ਕੀਤਾ ਹੈ, ਜੋ ਮਸ਼ੀਨ ਲਰਨਿੰਗ ਦੀ ਵਰਤੋਂ ਕਰਦਿਆਂ ਚਾਵਲ ਦੇ ਬੀਜਾਂ ਦੀ ਡਿਜੀਟਲ ਇਮੇਜਿੰਗ ਰਾਹੀਂ ਚੌਲਾਂ ਦੀਆਂ ਕਿਸਮਾਂ ਦੀ ਪਛਾਣ ਅਤੇ ਵਰਗੀਕਰਨ ਕਰਨ ਦੇ ਸਮਰੱਥ ਹੈ। ਭਾਰਤੀ ਪੇਟੈਂਟ ਦਫਤਰ ਵਿੱਚ ਇਸ ਖੋਜ ਕਾਰਜ ਲਈ ਪੇਟੈਂਟ ਵੀ ਦਾਇਰ ਕਰ ਦਿੱਤਾ ਗਿਆ ਹੈ ਅਤੇ ਨਾਮਵਰ ਜਰਨਲਾਂ ਵਿੱਚ ਇਸ ਬਾਰੇ ਖੋਜ ਪੱਤਰ ਪ੍ਰਕਾਸਿ਼ਤ ਕੀਤੇ ਗਏ ਹਨ। ਇਸ ਖੋਜ ਲਈ ਖੋਜਾਰਥੀ ਕੋਮਲ ਸ਼ਰਮਾ ਨੂੰ ਤਾਮਿਲਨਾਡੂ ਦੇ ਚੇਨੱਈ ਵਿਖੇ ਆਯੋਜਿਤ 'ਮਰੀਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ' ਵਿੱਚ 'ਨਵੀਨਤਾਕਾਰੀ ਅਤੇ ਖੋਜ ਬਾਰੇ ਅੰਤਰਰਾਸ਼ਟਰੀ ਕਾਨਫਰੰਸ' ਦੌਰਾਨ 'ਸਰਵੋਤਮ ਪੇਪਰ ਅਵਾਰਡ' ਵੀ ਹਾਸਿਲ ਹੋ ਚੁੱਕਾ ਹੈ।
 • 023/03/27 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਲੋੜੀਂਦੀ ਪਾਤਰਤਾ ਰੱਖਣ ਵਾਲੇ ਸਾਬਕਾ ਫ਼ੌਜੀ ਹੁਣ ਪੰਜਾਬੀ ਯੂਨੀਵਰਸਿਟੀ ਤੋਂ ਗਰੈਜੂਏਟ ਡਿਗਰੀ ਹਾਸਲ ਕਰ ਸਕਣਗੇ ਜੋ ਉਨ੍ਹਾਂ ਲਈ 'ਏ' ਅਤੇ 'ਬੀ' ਸ਼ਰੇਣੀ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗੀ। ਇਸ ਮਕਸਦ ਲਈ ਡਾਇਰੈਕਟੋਰੇਟ ਆਫ਼ ਡਿਫ਼ੈਂਸ ਸਰਵਿਸ ਵੈਲਫ਼ੇਅਰ ਅਤੇ ਪੰਜਾਬੀ ਯੂਨੀਵਰਸਿਟੀ ਦਰਮਿਆਨ ਇਕਰਾਰਨਾਮਾ ਸਹੀਬੱਧ ਕੀਤਾ ਗਿਆ। ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਏ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹਸਤਾਖ਼ਰ ਕੀਤੇ ਅਤੇ ਦੂਜੇ ਪਾਸੇ ਡਾਇਰੈਕਟੋਰੇਟ ਆਫ਼ ਡਿਫ਼ੈਂਸ ਸਰਵਿਸ ਵੈਲਫ਼ੇਅਰ ਵੱਲੋਂ ਡਾਇਰੈਕਟਰ ਬਿਰਗੇਡੀਅਰ ਭੁਪਿੰਦਰ ਸਿੰਘ ਨੇ ਇਸ ਇਕਰਾਰਨਾਮੇ ਉੱਤੇ ਸਹੀ ਪਾਈ।
 • 2023/03/26 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵਿਖੇ ਹੋਈ ਇੱਕ ਖੋਜ ਰਾਹੀਂ ਪੰਜਾਬ ਵਿੱਚ ਮੱਧ ਕਾਲ ਤੋਂ ਚਲਦੀ ਆ ਰਹੀ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਸੰਗੀਤਕ ਵਿਸ਼ਲੇਸ਼ਣ ਕੀਤਾ ਗਿਆ ਹੈ। ਨਿਗਰਾਨ ਡਾ. ਅਲੰਕਾਰ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਮਨਪ੍ਰੀਤ ਸਿੰਘ ਵੱਲੋਂ ਕੀਤੇ 'ਪੰਜਾਬ ਵਿੱਚ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਸੰਗੀਤਕ ਵਿਸ਼ਲੇਸ਼ਣ' ਨਾਮਕ ਇਸ ਖੋਜ ਕਾਰਜ ਰਾਹੀਂ ਸੰਗੀਤ ਦੀ ਇਸ ਵਡਮੁੱਲੀ ਪਰੰਪਰਾ ਦੇ ਵੱਖ-ਵੱਖ ਪੱਖਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਗਿਆ। ਇਸ ਖੋਜ ਪ੍ਰਬੰਧ ਦਾ ਉਦੇਸ਼ ਪੰਜਾਬੀ ਲੋਕ ਸੰਗੀਤ ਦੇ ਅੰਤਰਗਤ ਸਦੀਆਂ ਪੁਰਾਣੀ ਪੰਜਾਬ ਦੀ ਪਰੰਪਰਾਗਤ ਕਿੱਸਾ ਗਾਇਕੀ ਦੀਆਂ ਵੱਖੋ-ਵੱਖ ਪੰਜ ਵੰਨਗੀਆਂ ਦਾ ਸੰਗੀਤਕ ਵਿਸ਼ਲੇਸ਼ਣ ਕਰਨਾ ਸੀ।
 • 2023/03/24 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਗਿਆਨਕ ਸੱਭਿਆਚਾਰ ਬਾਰੇ ਕਰਵਾਈ ਗਈ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸੰਪੰਨ ਹੋ ਗਈ। ਇਹ ਕੌਮਾਂਤਰੀ ਉੱਦਮ ਵਾਈਸ-ਚਾਂਸਲਰ ਪ੍ਰੋ.ਅਰਵਿੰਦ ਦੀ ਸਰਪ੍ਰਸਤੀ ਵਿੱਚ ਮੁਖੀ ਸਰੀਰਕ ਸਿੱਖਿਆ ਵਿਭਾਗ, ਪ੍ਰੋ. ਨਿਸ਼ਾਨ ਸਿੰਘ ਦਿਓਲ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਹਰਮਨਪ੍ਰੀਤ ਸਿੰਘ (ਕਪਤਾਨ ਭਾਰਤੀ ਹਾਕੀ ਟੀਮ), ਰਾਜਪਾਲ ਸਿੰਘ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ), ਟਰਬਨ ਟੋਰਨੇਡੋ ਵਜੋਂ ਜਾਣੇ ਜਾਂਦੇ ਉੱਘੇ ਬਜ਼ੁਰਗ ਅਥਲੀਟ ਸ. ਫੌਜਾ ਸਿੰਘ, ਸ਼੍ਰੀ ਅਖਿਲ ਕੁਮਾਰ (ਸ. ਭਾਰਤੀ ਮੁੱਕੇਬਾਜ਼), ਸ. ਤੇਜਿੰਦਰ ਪਾਲ ਸਿੰਘ ਤੂਰ (ਭਾਰਤੀ ਅਥਲੀਟ) ਆਦਿ ਪ੍ਰਸਿੱਧ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
 • 2023/03/22 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਹੋਸਟਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ਼ 'ਰੰਗ ਦੇ ਬਸੰਤੀ ਚੋਲਾ' ਸਿਰਲੇਖ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਪ੍ਰੋਗਰਾਮ ਦੀ ਸ਼ੁਰੂਆਤ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਥਾਪਾ ਵੱਲੋਂ ਪੇਸ਼ ਕੀਤੇ ਸਵਾਗਤੀ ਸ਼ਬਦਾਂ ਨਾਲ਼ ਹੋਈ। ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਵੱਲੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ। ਮੁੱਖ ਬੁਲਾਰੇ ਵਜੋਂ ਪੁੱਜੇ ਪ੍ਰੋ. ਅਜਾਇਬ ਸਿੰਘ ਟਿਵਾਣਾ ਵੱਲੋਂ ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਜਿ਼ੰਦਗੀ, ਫ਼ਲਸਫ਼ਾ ਅਤੇ ਅੱਜ ਦੀ ਨੌਜਵਾਨੀ ਨੂੰ ਇਸ ਤੋਂ ਸੇਧ ਲੈਣ ਦੀ ਲੋੜ ਦੇ ਹਵਾਲੇ ਨਾਲ਼ ਆਪਣੀਆਂ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦਾ ਕਿਤਾਬਾਂ ਪੜ੍ਹਨ ਵਾਲ਼ਾ ਬਿੰਬ ਆਪਣੇ ਜਿ਼ਹਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਉਸ ਬਿੰਬ ਤੋਂ ਹੀ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਭਗਤ ਸਿੰਘ ਦੀ ਸੋਚ ਉੱਤੇ ਪਹਿਰਾ ਦੇਣ। ਉਨ੍ਹਾਂ ਕਿਹਾਾ ਕਿ ਜਿਸ ਦੇਸ ਦੇ ਨੌਜਵਾਨਾਂ ਦੀ ਊਰਜਾ ਸਹੀ ਦਿਸ਼ਾ ਵਿੱਚ ਲੱਗ ਜਾਵੇ ਉਹ ਦੇਸ ਬਹੁਤ ਵਿਕਾਸ ਕਰ ਸਕਦਾ ਹੈ।
 • 2023/03/22 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ 'ਜਿ਼ੰਦਗੀ ਵਿੱਚ ਸਿਹਤ ਸਭ ਤੋਂ ਜ਼ਰੂਰੀ ਸ਼ੈਅ ਹੈ। ਸਰੀਰ ਦੀ ਤੰਦਰੁਸਤੀ ਅੱਗੇ ਹੋਰ ਸਭ ਕੁੱਝ ਦਾ ਕੋਈ ਐਨਾ ਵੱਡਾ ਸਥਾਨ ਨਹੀਂ ਹੈ। ਪੈਸੇ, ਜਾਇਦਾਦਾਂ ਜਾਂ ਕੁੱਝ ਵੀ ਹੋਰ ਇਕੱਠਾ ਕਰਨ ਦੀ ਬਜਾਇ ਸਾਨੂੰ ਸਿਹਤਮੰਦ ਰਹਿਣ ਲਈ ਕੋਸਿ਼ਸ਼ ਕਰਦੇ ਰਹਿਣਾ ਚਾਹੀਦਾ ਹੈ। ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਗਿਆਨ ਵੱਲੋਂ ਕਰਵਾਈ ਜਾ ਰਹੀ ਕੌਮਾਂਤਰੀ ਕਾਨਫ਼ਰੰਸ ਦੌਰਾਨ ਉੱਘੇ ਕੌਮਾਂਤਰੀ ਦੌੜਾਕ ਫੌਜਾ ਸਿੰਘ ਨੇ ਪ੍ਰਗਟਾਏ। 'ਸਰੀਰਿਕ ਸਿੱਖਿਆ ਅਤੇ ਕਸਰਤੀ ਵਿਗਿਆਨ' ਵਿਸ਼ੇ ਉੱਤੇ ਹੋਰ ਰਹੀ ਇਸ ਕਾਨਫ਼ਰੰਸ ਦਾ ਉਦਘਾਟਨ ਕਲਾ ਭਵਨ ਵਿਖੇ ਹੋਇਆ। ਵਿਭਾਗ ਮੁਖੀ ਡਾ. ਨਿਸ਼ਾਨ ਸਿੰਘ ਦਿਉਲ ਨੇ ਡਾ.ਦਿਉਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸੱਤ ਦੇਸ਼ਾਂ ਦੇ 600 ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਦੋ ਪੈਨਲ ਵਿਚਾਰ-ਵਟਾਂਦਰੇ ਹੋਣਗੇ ਅਤੇ ਬਾਰਾਂ ਅਕਾਦਮਿਕ ਸੈਸ਼ਨ ਹੋਣਗੇ।
 • 2023/03/21 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ,ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਕੇਂਦਰ ਸਰਕਾਰ ਦੇ ਅਦਾਰੇ ਐਜੂਕੇਸ਼ਨਲ ਮਲਟੀਮੀਡੀਅਰ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਪਟਿਆਲਾ ਨੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਮਾਹਿਰਾਂ ਨਾਲ਼ ਦੋ ਮੂਕਸ ਕੋਰਸਾਂ ( (ਮੈਸਵ ਓਪਨ ਔਨਲਾਈਨ ਕੋਰਸ) ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕੋਰਸ ਈ. ਐੱਮ. ਆਰ. ਸੀ. ਪਟਿਆਲਾ ਰਾਹੀਂ ਸੀ.ਈ.ਸੀ. ਨਵੀਂ ਦਿੱਲੀ ਤੋਂ ਪ੍ਰਵਾਨਿਤ ਹਨ ਜਿਨ੍ਹਾਂ ਦੇ ਕੋਰਸ ਕੋਆਰਡੀਨੇਟਰ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿੱਚ ਸਮਾਜ ਵਿਗਿਆਨ ਪੜ੍ਹਾਉਣ ਵਾਲੇ ਡਾ. ਅਦਿੱਤਯਾ ਰੰਜਨ ਕਪੂਰ ਹਨ।
 • 2023/03/21 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ ਪੰਜਾਬੀ ਯੂਨੀਵਰਸਿਟੀ ਦੇ ਬਾਇਓ ਤਕਾਨਲੌਜੀ ਅਤੇ ਭੋਜਨ ਤਕਨਾਲੌਜੀ ਵਿਭਾਗ ਵੱਲੋਂ ਕੌਮੀ ਵਿਗਿਆਨ ਦਿਹਾੜੇ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਡਾ. ਜਸਪ੍ਰੀਤ ਸਿੰਘ ਧਾਊ ਨੇ 'ਵਿਸ਼ਵ ਜੀਆਂ ਲਈ ਉਸਾਰੂ ਖੋਜ ਅਤੇ ਤਕਨਾਲੌਜੀ' ਵਿਸ਼ੇ ਉੱਤੇ ਆਪਣਾ ਭਾਸ਼ਣ ਦਿੱਤਾ। ਡਾ. ਜਸਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਨਵੀਂ ਉਮਰ ਦੇ ਖੋਜਾਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਖੋਜ ਅਤੇ ਤਕਨਾਲੌਜੀ ਦੇ ਵਿਕਾਸ ਸਮੇਂ ਇਸ ਦੇ ਉਸਾਰੂ ਹੋਣ ਦੇ ਪੱਖ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਮਹੱਤਵਪੂਰਨ ਹੁੰਦੀਆਂ ਹਨ ਜੋ ਸਮਾਜ ਨੂੰ ਸਿੱਧੇ ਤੌਰ ਉੱਤੇ ਫ਼ਾਇਦਾ ਪਹੁੰਚਾਉਂਦੀਆਂ ਹੋਣ। ਉਨ੍ਹਾਂ ਕਿਹਾ ਕਿ ਖੋਜਾਰਥੀਆਂ ਨੂੰ ਚਾਹੀਦਾ ਹੈ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਸਮੱਸਿਆਵਾਂ ਸੁਲਝਾਉਣ ਵਾਲੀ ਖੋਜ ਦੇ ਰਸਤੇ ਪੈਣ। ਘਰਾਂ ਦੇ ਅੰਦਰ ਸਾਡੇ ਸਭ ਤੋਂ ਨੇੜਲੇ ਚੌਗਿਰਦੇ ਦੀ ਹਵਾ-ਸ਼ੁੱਧਤਾ ਬਾਰੇ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵੇਲ਼ੇ ਅਸੀਂ ਸਿੱਖਿਆ ਹੈ ਕਿ ਇਸ ਨੂੰ ਸ਼ੁੱਧ ਰੱਖਣਾ ਕਿੰਨਾ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਬਹੁਤ ਸਾਰੀ ਖੋਜ ਲੋੜੀਂਦੀ ਹੈ।
 • 2023/03/16 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਰੈੱਸ ਰਿਲੀਜ਼ 'ਨਵੀਆਂ ਤਕਨੀਕਾਂ ਨਾਲ਼ ਅਪਡੇਟ ਅਪਰਾਧੀਆਂ ਨਾਲ਼ ਨਜਿੱਠਣ ਲਈ ਫ਼ੌਰੈਂਸਿਕ ਮਾਹਿਰਾਂ ਦਾ ਸਮਰੱਥ ਹੋਣਾ ਜ਼ਰੂਰੀ ਹੈ। ਇਹ ਲਾਜ਼ਮੀ ਹੈ ਕਿ ਇਸ ਵਿਸ਼ੇ ਦੇ ਮਾਹਿਰ ਆਪਣੇ ਖੇਤਰ ਵਿੱਚ ਸਮੇਂ ਦੇ ਹਿਸਾਬ ਨਾਲ਼ ਹੋਰ ਨਿਪੁੰਨਤਾ ਹਾਸਿਲ ਕਰਦੇ ਰਹਿਣ ਤਾਂ ਕਿ ਨਵੀਂਆਂ ਕਿਸਮਾਂ ਨਾਲ਼ ਕੀਤੇ ਜਾਂਦੇ ਅਪਰਾਧਾਂ ਨੂੰ ਨੱਥ ਪਾਈ ਜਾ ਸਕੇ।' ਅਜਿਹੇ ਵਿਚਾਰ ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਫ਼ੋਰੈਂਸਿਕ ਵਿਗਿਆਨ ਦੀ ਕਾਨਫ਼ਰੰਸ ਵਿੱਚ ਪਹੁੰਚੇ ਵੱਖ-ਵੱਖ ਬੁਲਾਰਿਆਂ ਦੇ ਭਾਸ਼ਣ ਵਿੱਚੋਂ ਉੱਭਰ ਕੇ ਸਾਹਮਣੇ ਆਏ। 'ਫ਼ੋਰੈਂਸਿਕ ਵਿਗਿਆਨ ਜਗਤ ਦੇ ਤਾਜ਼ਾ ਰੁਝਾਨ' ਵਿਸ਼ੇ ਉੱਤੇ ਅੱਜ ਆਰੰਭ ਹੋਈ ਇਹ ਕਾਨਫ਼ਰੰਸ ਪੰਜਾਬੀ ਯੂਨੀਵਰਸਿਟੀ ਦੇ ਫ਼ੌਰੈਂਸਿਕ ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ।
 • 2023/03/15 ਲੋਕ ਸੰਪਰਕ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿਖੇ ਮਹਾਰਾਣਾ ਪ੍ਰਤਾਪ ਚੇਅਰ ਨੇ ਸਿੱਖਾਂ ਅਤੇ ਰਾਜਪੂਤਾਂ ਦੇ ਆਪਸੀ ਸੰਬੰਧਾਂ ਦੇ ਹਵਾਲੇ ਨਾਲ਼ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਬਲਵੰਤ ਸਿੰਘ ਢਿੱਲੋਂ ਨੇ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਨੇ ਸਿੱਖਾਂ ਅਤੇ ਰਾਜਪੂਤਾਂ ਦੇ ਸਬੰਧਾਂ ਦੀਆਂ ਵੱਖ-ਵੱਖ ਪਰਤਾਂ ਉੱਤੇ ਇਤਿਹਾਸਿਕ ਹਵਾਲਿਆਂ ਨਾਲ਼ ਵਿਸਥਾਰਪੂਰਵਕ ਗੱਲ ਕੀਤੀ। ਆਪਣੇ ਭਾਸ਼ਣ ਰਾਹੀਂ ਉਨ੍ਹਾਂ ਇਸ ਨੁਕਤੇ ਉੱਤੇ ਚਾਨਣਾ ਪਾਇਆ ਕਿ ਇਨ੍ਹਾਂ ਆਪਸੀ ਸਬੰਧਾਂ ਦਾ ਪ੍ਰਭਾਵ ਦੋਵੇਂ ਖਿੱਤਿਆਂ ਉੱਤੇ ਕਿਸ ਤਰ੍ਹਾਂ ਪਿਆ। ਭਾਸ਼ਣ ਦੌਰਾਨ ਉਨ੍ਹਾਂ ਰਾਜਸਥਾਨੀ ਸਰੋਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਮਹਾਰਾਣਾ ਪ੍ਰਤਾਪ ਚੇਅਰ ਦੇ ਇੰਚਾਰਜ ਡਾ. ਦਲਜੀਤ ਸਿੰਘ ਨੇ ਇਸ ਮੌਕੇ ਇਸ ਚੇਅਰ ਦੇ ਕਾਰਜਾਂ, ਪ੍ਰਾਪਤੀਆਂ ਅਤੇ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਇਤਿਹਾਸ ਵਿਸ਼ੇ ਦੇ ਖੋਜਾਰਥੀਆਂ ਨੂੰ ਰਾਜਸਥਾਨੀ ਸਰੋਤਾਂ ਨੂੰ ਘੋਖਣ ਲਈ ਪ੍ਰੇਰਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ ਡਾ. ਅਰਵਿੰਦ ਨੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੁੜਨ ਲਈ ਇਤਹਾਸ ਦਾ ਮੁਲਾਂਕਣ ਅਤੇ ਮੁੜ ਮੁਲਾਂਕਣ ਦੀ ਆਮ ਜਿ਼ੰਦਗੀ ਵਿੱਚ ਮਹੱਤਤਾ ਬਾਰੇ ਚਾਨਣਾ ਪਾਇਆ।
 • 2023/02/08: ਪੰਜਾਬੀ ਯੂਨੀਵਰਸਿਟੀ ਨੂੰ ਅੱਜ ਖੇਡਾਂ ਦੇ ਖੇਤਰ ਵਿਚ ਦੋ ਖੁਸ਼ਖਬਰੀਆਂ ਪ੍ਰਾਪਤ ਹੋਈਆਂ। ਪਹਿਲੀ ਖੁਸ਼ਖਬਰੀ ਇਹ ਸੀ ਕਿ ਇੱਥੋਂ ਦੀਆਂ ਤਿੰਨ ਤੀਰੰਦਾਜ਼ ਗੁਰਮੇਹਰ ਕੌਰ, ਪਰਨੀਤ ਕੌਰ ਅਤੇ ਤਨੀਸ਼ਾ ਵਰਮਾ ਦੀ ਚੋਣ ਚੀਨ ਦੇ ਤੇਪਈ ਸ਼ਹਿਰ ਵਿਖੇ 10 ਮਾਰਚ ਤੋਂ 18 ਮਾਰਚ 2023 ਤੱਕ ਹੋਣ ਵਾਲੇ ਏਸ਼ੀਆ ਕੱਪ 2023 ਲਈ ਹੋ ਗਈ ਹੈ। ਇਹ ਖਿਡਾਰੀ ਲੜਕੀਆਂ ਪੰਜਾਬੀ ਯੂਨੀਵਰਸਿਟੀ ਦੇ ਆਰਚਰੀ ਕੋਚ ਸੁਰਿੰਦਰ ਸਿੰਘ ਰੰਧਾਵਾ ਦੀਆਂ ਸ਼ਗਿਰਦ ਹਨ। ਇਹ ਸਿਲੈਕਸ਼ਨ ਟਰਾਇਲ ਸੋਨੀਪਤ ਵਿਖੇ ਸਾਈ ਸੈਂਟਰ ਵਿਖੇ 6 ਤੋਂ 8 ਫਰਵਰੀ 2023 ਨੂੰ ਕਰਵਾਏ ਗਏ ਸਨ, ਜਿਸ ਵਿਚ ਇਨ੍ਹਾਂ ਤਿੰਨੇ ਖਿਡਾਰੀ ਲੜਕੀਆਂ ਨੇ ਆਪਣੇ ਵਧੀਆ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਦਾ ਹਿੱਸਾ ਬਨਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਪ੍ਰੋ. ਅਜੀਤਾ ਵੱਲੋਂ ਇਨ੍ਹਾਂ ਨੂੰ ਵਧਾਈ ਦਿੰਦਿਆਂ ਏਸ਼ੀਆ ਕੱਪ ਚੈਂਪੀਅਨਸ਼ਿਪ ਵਿਚੋਂ ਮਾਅਰਕੇ ਮਾਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਕੋਚ ਨੂੰ ਵੀ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ।ਦੂਜੀ ਖੁਸ਼ਖਬਰੀ ਇਹ ਸੀ ਕਿ ਅੰਤਰ-ਜ਼ੋਨਲ ਅੰਤਰਵਰਸਿਟੀ ਬਾਸਕਿਟਬਾਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਬਾਸਕਟ ਬਾਲ ਪੁਰਸ਼ ਟੀਮ ਕੁਆਰਟਰ ਫਾਈਨਲ ਮੁਕਾਬਲਿਆਂ ਲਈ ਕੁਆਲੀਫਾਈ ਕਰਕੇ ਪਹਿਲੀਆਂ ਅੱਠ ਟੀਮਾਂ ਵਿਚ ਸ਼ਾਮਲ ਹੋ ਗਈ ਹੈ। ਇਹ ਅੰਤਰਵਰਸਿਟੀ ਮੁਕਾਬਲੇ ਡੀ.ਸੀ.ਆਰ.ਯੂ.ਐਸ.ਟੀ. ਮੁਰਥਲ ਯੂਨੀਵਰਸਿਟੀ ਸੋਨੀਪਤ ਵਿਖੇ ਮਿਤੀ 6 ਤੋਂ 10 ਫਰਵਰੀ 2023 ਤੱਕ ਆਯੋਜਿਤ ਕਰਵਾਏ ਜਾ ਰਹੇ ਹਨ।
 • 2023/02/07: ‘ਜੇ ਅਦਾਲਤਾਂ ਵਿੱਚ ਜਾਂ ਸੂਬੇ ਵਿੱਚ ਪੰਜਾਬੀ ਲਾਗੂ ਕਰਨੀ ਹੈ ਤਾਂ ਪੰਜਾਬੀ ਯੂਨੀਵਰਸਿਟੀ ਅਤੇ ਅਜਿਹੇ ਹੋਰ ਅਦਾਰਿਆਂ ਨੂੰ ਬਚਾਉਣਾ ਜ਼ਰੂਰੀ ਹੈ।’ ਸਮੁੱਚੀ ਮੀਟਿੰਗ ਵਿੱਚ ਇਹ ਸੁਰ ਭਾਰੂ ਰਹੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 'ਅਦਾਲਤਾਂ ਵਿਚ ਪੰਜਾਬੀ ਲਾਗੂ ਕਰਨ' ਦੇ ਮੁੱਦੇ ਉੱਤੇ ਸੁਝਾਅ ਲੈਣ ਲਈ ਸੂਬਾ ਪੱਧਰੀ ਮੀਟਿੰਗ ਵਿਧਾਨ ਸਭਾ ਚੰਡੀਗੜ੍ਹ ਵਿਖੇ ਕੀਤੀ। ਇਸ ਮੀਟਿੰਗ ਵਿਚ ਵੱਖ-ਵੱਖ ਲੇਖਕ ਸਭਾਵਾਂ, ਯੂਨੀਵਰਸਿਟੀਆਂ, ਅਖ਼ਬਾਰਾਂ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬੀ ਲਾਗੂ ਕਰਨ ਲਈ ਪੰਜਾਬੀ ਨਾਲ ਜੁੜੇ ਅਦਾਰਿਆਂ ਨੂੰ ਮਜ਼ਬੂਤ ਕਰਨ ਦਾ ਮਸਲਾ ਵਾਰ-ਵਾਰ ਉਠ ਕੇ ਸਾਹਮਣੇ ਆਇਆ। ਸੀਨੀਅਰ ਪੱਤਰਕਾਰ ਸਤਨਾਮ ਮਾਣਕ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਇਸ ਗੱਲ ਨੂੰ ਉੱਘੜਵੇਂ ਰੂਪ ਵਿਚ ਪੇਸ਼ ਕੀਤਾ ਕਿ ਜੇ ਪੰਜਾਬ ਸਰਕਾਰ ਪੰਜਾਬੀ ਨੂੰ ਲਾਗੂ ਕਰਨ ਲਈ ਸੁਹਿਰਦ ਹੈ ਤਾਂ ਪੰਜਾਬੀ ਯੂਨੀਵਰਸਿਟੀ ਨੂੰ ਮਜ਼ਬੂਤ ਕਰਨਾ ਲਾਜ਼ਮੀ ਹੈ।
 • 2023/02/05: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਬੋਲੀ ਜਾਂਦੀ 'ਸਿਰਮੌਰੀ' ਭਾਸ਼ਾ ਨੂੰ ਇਕੱਠਾ ਕਰ ਕੇ ਇੱਕ ਕੋਸ਼ ਤਿਆਰ ਕੀਤਾ ਗਿਆ ਹੈ। ਖੋਜ ਦੌਰਾਨ ਸਾਹਮਣੇ ਆਇਆ ਕਿ ਪੰਜਾਬੀ ਦੇ ਪ੍ਰਭਾਵ ਵਾਲ਼ੀ ਇਸ ਭਾਸ਼ਾ ਨੂੰ ਬਚਾਏ ਜਾਣ ਦੀ ਲੋੜ ਹੈ।ਸਿਰਮੌਰ ਜ਼ਿਲ੍ਹੇ ਦੇ 75 ਪਿੰਡਾਂ ਨੂੰ ਅਧਾਰ ਬਣਾ ਕੇ ਕੀਤੇ ਗਏ ਸਰਵੇਖਣ ਅਧਾਰਿਤ ਖੋਜ ਵਿੱਚ ਇਹ ਤੱਥ ਸਾਹਮਣੇ ਆਏ ਹਨ। ਨਿਗਰਾਨ ਡਾ. ਜਸਵਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਖੋਜਾਰਥੀ ਸੁਖਦੀਪ ਸਿੰਘ ਵੱਲੋਂ ਕੀਤੀ ਇਸ ਖੋਜ ਦੌਰਾਨ ਪ੍ਰਾਪਤ ਅੰਕੜਿਆਂ ਤੋਂ ਇਹ ਤੱਥ ਸਪਸ਼ਟ ਰੂਪ ਵਿੱਚ ਸਾਹਮਣੇ ਆਏ ਕਿ ਇਸ ਸਥਾਨਕ ਭਾਸ਼ਾ ਦਾ ਰੋਜ਼ਗਾਰ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਇਸ ਦੀ ਕੋਈ ਆਪਣੀ ਲਿਪੀ ਹੈ। 1966 ਦੀ ਭਾਸ਼ਾ ਅਧਾਰਤ ਵੰਡ ਸਮੇਂ ਜ਼ਬਰੀ ਹਿੰਦੀ ਥੋਪੇ ਜਾਣ ਕਾਰਨ ਇਸ ਭਾਸ਼ਾ ਨੂੰ ਖੋਰਾ ਲੱਗਿਆ ਹੈ। ਵਰਤਮਾਨ ਸਿਰਮੌਰ ਜ਼ਿਲ੍ਹੇ ਦੇ ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਸਿਰਮੌਰੀ ਹੈ ਪਰ ਦਫ਼ਤਰੀ ਭਾਸ਼ਾ ਹਿੰਦੀ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹੀ ਹਿੱਸਾ ਸੀ ਜਿਸ ਕਾਰਨ ਸਿਰਮੌਰੀ ਭਾਸ਼ਾ ਵਿੱਚ ਹਾਲੇ ਵੀ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪ੍ਰਚੱਲਿਤ ਹਨ। ਉਥੋਂ ਦੇ ਸਥਾਨਕ ਵਾਸੀ ਪੰਜਾਬੀ ਸ਼ਬਦ 'ਅਖਾਣ' ਨੂੰ 'ਉਖਾਣ', 'ਇਜਾਜ਼ਤ' ਨੂੰ 'ਅਜਾਜਤ', 'ਅਮਲੀ' ਨੂੰ 'ਅੰਬਲੀ', 'ਇੱਖ' (ਗੰਨਾ) ਨੂੰ 'ਈਖ', 'ਡੰਗਰ' ਨੂੰ 'ਡੰਗਰ', 'ਡੱਡੂ' ਨੂੰ 'ਡਾਡੂ', ਗੁੱਟ ’ਤੇ ਪਾਏ ਜਾਣ ਵਾਲ਼ੇ ਗਹਿਣੇ 'ਕੜਾ' ਨੂੰ 'ਕੋੜਾ', 'ਝਾਂਜਰਾਂ' ਨੂੰ 'ਜਾਜਰਾ', ਚਾਲੀ ਸੇਰ ਵਜ਼ਨ ਨੂੰ 'ਮਣ', ਪਾਈਆ ਨੂੰ 'ਪਉਆ' ਉਚਾਰਨ ਕਰਦੇ ਹਨ।
 • 2023/02/03: ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਲੜੀ ਦੇ ਅੰਤਰਗਤ ਅੱਜ ਅੱਠਵਾਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ਉੱਪਰ ਵਿਸ਼ੇਸ਼ ਭਾਸ਼ਣ ਦੇਣ ਲਈ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉੱਘੇ ਸਮਾਜ ਸ਼ਾਸਤਰੀ ਪ੍ਰੋਫੈਸਰ ਜੋਧਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਮਾਜ-ਸ਼ਾਸਤਰ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਫੈਸਰ ਗੁਰਮੁਖ ਸਿੰਘ ਮੁਖੀ,ਪੰਜਾਬੀ ਵਿਭਾਗ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਡਾ. ਬਲਕਾਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਤੁਆਰਫ਼ ਕਰਵਾਇਆ। ਵਿਸ਼ੇਸ਼ ਭਾਸ਼ਣ ਦੇਣ ਆਏ ਪ੍ਰੋਫੈਸਰ ਜੋਧਕਾ ਦੇ ਮਿਸਾਲੀ ਖੋਜ ਕਾਰਜਾਂ ਸੰਬੰਧੀ ਗੱਲ ਕਰਦਿਆਂ ਉ ਕਿਹਾ ਕਿ ਉਹ ਪਿੰਡ ਸ਼ਹਿਰ ਬਾਰੇ ਬਣੀ ਸਮਝ ਨੂੰ ਨਵੇਂ ਅਤੇ ਹਕੀਕੀ ਤਰੀਕੇ ਨਾਲ ਵੇਖਦੇ ਸਮਝਦੇ ਹਨ। ਉਨ੍ਹਾਂ ਦੀ ਖੋਜ ਦੇ ਮਹੱਤਵ ਅਤੇ ਆਦਰ ਵਜੋਂ ਕਈ ਵਕਾਰੀ ਮਾਣ-ਸਨਮਾਨ ਪ੍ਰੋਫੈਸਰ ਜੋਧਕਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਚਿੰਤਕਾਂ ‘ਚ ਸ਼ੁਮਾਰ ਰੱਖਣ ਵਾਲੇ ਪ੍ਰੋਫੈਸਰ ਜੋਧਕਾ ਦਾ ਸਮਾਜ-ਸ਼ਾਸਤਰ ਦੇ ਖੇਤਰ ਵਿੱਚ ਕੰਮ ਵੱਡੇ ਮੁਕਾਮ ਅਤੇ ਵਿਲੱਖਣ ਪਹੁੰਚ ਵਾਲਾ ਹੈ।
 • 2023/02/03: ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡਾ. ਬਲਕਾਰ ਸਿੰਘ ਯਾਦਗਾਰੀ ਭਾਸ਼ਣ ਲੜੀ ਦੇ ਅੰਤਰਗਤ ਅੱਜ ਅੱਠਵਾਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਪਿੰਡ ਅਤੇ ਸ਼ਹਿਰ: ਬਨਾਮ ਦੀ ਸਿਆਸਤ ਵਿਸ਼ੇ ਉੱਪਰ ਵਿਸ਼ੇਸ਼ ਭਾਸ਼ਣ ਦੇਣ ਲਈ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉੱਘੇ ਸਮਾਜ ਸ਼ਾਸਤਰੀ ਪ੍ਰੋਫੈਸਰ ਜੋਧਕਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਸਮਾਜ-ਸ਼ਾਸਤਰ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪ੍ਰੋਫੈਸਰ ਗੁਰਮੁਖ ਸਿੰਘ ਮੁਖੀ,ਪੰਜਾਬੀ ਵਿਭਾਗ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਡਾ. ਬਲਕਾਰ ਸਿੰਘ ਦੇ ਜੀਵਨ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਬਾਰੇ ਤੁਆਰਫ਼ ਕਰਵਾਇਆ। ਵਿਸ਼ੇਸ਼ ਭਾਸ਼ਣ ਦੇਣ ਆਏ ਪ੍ਰੋਫੈਸਰ ਜੋਧਕਾ ਦੇ ਮਿਸਾਲੀ ਖੋਜ ਕਾਰਜਾਂ ਸੰਬੰਧੀ ਗੱਲ ਕਰਦਿਆਂ ਉ ਕਿਹਾ ਕਿ ਉਹ ਪਿੰਡ ਸ਼ਹਿਰ ਬਾਰੇ ਬਣੀ ਸਮਝ ਨੂੰ ਨਵੇਂ ਅਤੇ ਹਕੀਕੀ ਤਰੀਕੇ ਨਾਲ ਵੇਖਦੇ ਸਮਝਦੇ ਹਨ। ਉਨ੍ਹਾਂ ਦੀ ਖੋਜ ਦੇ ਮਹੱਤਵ ਅਤੇ ਆਦਰ ਵਜੋਂ ਕਈ ਵਕਾਰੀ ਮਾਣ-ਸਨਮਾਨ ਪ੍ਰੋਫੈਸਰ ਜੋਧਕਾ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਚਿੰਤਕਾਂ ‘ਚ ਸ਼ੁਮਾਰ ਰੱਖਣ ਵਾਲੇ ਪ੍ਰੋਫੈਸਰ ਜੋਧਕਾ ਦਾ ਸਮਾਜ-ਸ਼ਾਸਤਰ ਦੇ ਖੇਤਰ ਵਿੱਚ ਕੰਮ ਵੱਡੇ ਮੁਕਾਮ ਅਤੇ ਵਿਲੱਖਣ ਪਹੁੰਚ ਵਾਲਾ ਹੈ।
 • 2023/02/01: ਹਪੰਜਾਬੀ ਯੂਨੀਵਰਸਿਟੀ ਤੋਂ ਜੀਵ ਵਿਗਿਆਨੀ ਪ੍ਰੋ. ਹਿਮੇਂਦਰ ਭਾਰਤੀ, ਜੋ ਕਿ ਇੱਥੇ ਸਥਾਪਿਤ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਮੁੜ ਬਹਾਲੀ ਕੇਂਦਰ' ਦੇ ਡਾਇਰੈਕਟਰ ਹਨ, ਨੂੰ 'ਵਿਸ਼ਵ ਜਲਗਾਹ ਦਿਵਸ' ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਕਰਵਾਏ ਸਮਾਰੋਹ ਦੌਰਾਨ ਮੁੱਖ ਬੁਲਾਰੇ ਦੇ ਤੌਰ ਉੱਤੇ ਬੁਲਾਇਆ ਗਿਆ । ਇਸ ਮੌਕੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਜਲਗਾਹਾਂ ਅਤੇ ਈਕੋਸਿਸਟਮ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕਰਦਿਆਂ ਵਾਤਾਵਰਣ ਦੀ ਮੁੜ ਬਹਾਲੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸੰਕਟ ਵੱਖ-ਵੱਖ ਖਤਰਿਆਂ ਤੋਂ ਪੈਦਾ ਹੋਇਆ ਹੈ, ਜਿਨ੍ਹਾਂ ਵਿਚ ਰਿਹਾਇਸ਼ੀ ਸਥਾਨਾਂ ਦਾ ਵਿਨਾਸ਼, ਪਾਸਾਰ ਤੇ ਵਿਘਟਨ, ਜੈਵਿਕ ਸਰੋਤਾਂ ਦੀ ਦੁਰਵਰਤੋਂ ਸਮੇਤ ਹਮਲਾਵਾਰ ਪ੍ਰਜਾਤੀਆਂ , ਪ੍ਰਦੂਸ਼ਣ, ਬਿਮਾਰੀਆਂ ਅਤੇ ਵਿਸ਼ਵ ਪੱਧਰ ਦੀਆਂ ਜਲਵਾਯੂ ਤਬਦੀਲੀਆਂ ਆਦਿ ਸ਼ਾਮਿਲ ਹਨ। ਅਜਿਹੇ ਵਰਤਾਰੇ ਕਾਰਨ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋਣ ਦੀ ਦਰ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਜਲਗਾਹਾਂ ਨੂੰ ਹਮੇਸ਼ਾ ਬਰਬਾਦੀ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਰਿਹਾ ਹੈ। ਸਾਡੀਆਂ 35 ਫ਼ੀਸਦੀ ਤੋਂ ਵੱਧ ਜਲਗਾਹਾਂ ਅਲੋਪ ਹੋ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਜਲਗਾਹਾਂ ਦੀ ਬਹਾਲੀ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਜੋ ਅਸੀਂ ਕੁਦਰਤੀ ਸਰੋਤਾਂ ਦੀ ਰਾਖੀ ਕਰਦਿਆਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਅਨੁਕੂਲ ਵਾਤਾਵਰਣ ਦੇ ਸਕੀਏ।
 • 2023/02/01: "ਦੁਨੀਆਂ ਵਿੱਚ ਪੂਰੀ ਤਰ੍ਹਾਂ ਸ਼ੁੱਧ ਪ੍ਰਕਿਰਤੀ ਦੀ ਕੋਈ ਸ਼ੈਅ ਨਹੀਂ ਹੁੰਦੀ। ਵਿਗਾਸ ਦੀ ਪ੍ਰਕਿਰਿਆ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਜੀਨਜ਼ ਦੇ ਆਪਸੀ ਰਲ਼ੇਵੇਂ ਅਤੇ ਆਦਾਨ ਪ੍ਰਦਾਨ ਨਾਲ਼ ਹੀ ਦੁਨੀਆਂ ਏਨੀ ਖ਼ੂਬਸੂਰਤ ਬਣ ਸਕੀ ਹੈ ਜਿੰਨੀ ਕਿ ਅੱਜ ਵਿਖਾਈ ਦੇ ਰਹੀ ਹੈ।" ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ਼ੁਰੂ ਕੀਤੀ ਗਈ ਸਾਲਾਨਾ ਭਾਸ਼ਣ ਲੜੀ ਤਹਿਤ ਅੱਜ ਪਹਿਲੇ ਕਦਮ ਵਜੋਂ 2022 ਦੌਰਾਨ ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਮੁਹਾਰਤ ਖੇਤਰ ਸੰਬੰਧੀ ਵੱਖ-ਵੱਖ ਪੱਖਾਂ ਬਾਰੇ ਗੱਲ ਕਰਦਿਆਂ ਸਾਰੇ ਮਾਹਿਰਾਂ ਦੇ ਵਿਚਾਰਾਂ ਵਿੱਚੋਂ ਸਾਂਝੇ ਤੌਰ ਉੱਤੇ ਉਪਰੋਕਤ ਨੁਕਤਾ ਉੱਭਰ ਕੇ ਸਾਹਮਣੇ ਆਇਆ। ਸਾਇੰਸ ਆਡੀਟੋਰੀਅਮ ਵਿਖੇ ਹੋਇਆ ਇਸ ਲੜੀ ਦਾ ਇਹ ਪਹਿਲਾ ਪ੍ਰੋਗਰਾਮ ਇਸ ਗੱਲ ਦਾ ਵੀ ਗਵਾਹ ਬਣਿਆ ਕਿ ਮਿਆਰੀ ਪ੍ਰੋਗਰਾਮਾਂ ਵਿੱਚ ਸਿ਼ਰਕਤ ਕਰਨ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਕਿਸ ਸਿ਼ੱਦਤ ਨਾਲ਼ ਪਹੁੰਚਦੇ ਹਨ। ਵੱਖ-ਵੱਖ ਵਿਸਿ਼ਆਂ ਅਤੇ ਅਨੁਸ਼ਾਸਨਾਂ ਵਾਲੇ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨਾਲ਼ ਯੂਨੀਵਰਸਿਟੀ ਦਾ ਸਾਇੰਸ ਆਡੀਟੋਰੀਅਮ ਖਚਾ-ਖਚ ਭਰਿਆ ਹੋਇਆ ਸੀ ਜਿੱਥੇ ਵਿਦਿਆਰਥੀਆਂ ਨੇ ਕੁਰਸੀਆਂ ਤੋਂ ਹੇਠਾਂ ਜ਼ਮੀਨ ਉੱਤੇ ਬੈਠ ਕੇ ਵੀ ਇਸ ਪ੍ਰੋਗਰਾਮ ਨੂੰ ਮਾਣਿਆ।
 • 2023/01/31: ਹਰ ਸਾਲ ਨੋਬਲ ਪੁਰਸਕਾਰ ਜਿੱਤਣ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਮੁਹਾਰਤ ਖੇਤਰ ਸੰਬੰਧੀ ਵੱਖ-ਵੱਖ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਸਾਲ ਤੋਂ ਇੱਕ ਵਿਸ਼ੇਸ਼ ਭਾਸ਼ਣ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਭਾਸ਼ਣ ਲੜੀ ਦਾ ਮਕਸਦ ਵਿਦਿਆਰਥੀਆਂ ਨੂੰ ਇਸ ਵੱਕਾਰੀ ਪੁਰਸਕਾਰ ਸਬੱਬ ਨਾਲ਼ ਆਪੋ ਆਪਣੇ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਭਰਨ ਲਈ ਪ੍ਰੇਰਿਤ ਕਰਨਾ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਵੱਖ-ਵੱਖ ਖੇਤਰਾਂ ਦਾ ਗਿਆਨ ਪੈਦਾ ਕਰਨ ਅਤੇ ਵਰਤਾਉਣ ਦੇ ਮੰਤਵ ਲਈ ਸਥਾਪਿਤ ਪੰਜਾਬੀ ਯੂਨੀਵਰਸਿਟੀ ਦਾ ਇਹ ਫਰਜ਼ਾਂ ਵਿੱਚ ਇਹ ਸ਼ਾਮਿਲ ਹੈ ਕਿ ਇਹ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਉੱਤੇ ਚੱਲ ਰਹੇ ਗਿਆਨ ਅਤੇ ਕਲਾ ਦੇ ਖੇਤਰ ਵਿਚਲੇ ਤਾਜ਼ਾ ਰੁਝਾਨਾਂ ਨਾਲ਼ ਜੋੜ ਕੇ ਰੱਖੇ। ਨੋਬਲ ਪੁਰਸਕਾਰ ਵਿਸ਼ਵ ਪੱਧਰ ਉੱਤੇ ਇੱਕ ਵੱਕਾਰੀ ਪੁਰਸਕਾਰ ਵਜੋਂ ਪ੍ਰਵਾਨਿਤ ਹੋਣ ਕਾਰਨ ਇਸ ਨੂੰ ਪ੍ਰਾਪਤ ਕਰਨ ਵਾਲ਼ੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਸੰਬੰਧਤ ਖੇਤਰਾਂ ਬਾਰੇ ਜਾਣਨਾ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਭਾਸ਼ਣ ਲੜੀ ਨੂੰ ਸਾਲਾਨਾ ਲੜੀ ਬਣਾ ਦਿੱਤਾ ਜਾਵੇ ਤਾਂ ਕਿ ਭਵਿੱਖ ਵਿੱਚ ਵੀ ਲਾਜ਼ਮੀ ਤੌਰ ਉੱਤੇ ਹਰ ਸਾਲ ਇਹ ਭਾਸ਼ਣ ਕਰਵਾਏ ਜਾ ਸਕਣ।
 • 2023/01/31: ਪੰਜਾਬੀ ਯੂਨੀਵਰਸਿਟੀ ਵਿੱਚ ਸਥਾਪਿਤ ਯੂਨੀਵਰਸਲ ਹਿਊਮਨ ਵੈਲਿਊਜ਼ ਸੈੱਲ ਅਤੇ ਨਾਰੀ ਅਧਿਐਨ ਕੇਂਦਰ ਨੇ ਸਾਂਝੇ ਤੌਰ ਉੱਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ। 'ਮਨੁੱਖੀ ਕਦਰਾਂ ਕੀਮਤਾਂ : ਲਿੰਗਕ ਬਰਾਬਰੀ' ਵਿਸ਼ੇ ਉੱਤੇ ਇਹ ਭਾਸ਼ਣ ਪੰਜਾਬੀ ਯੂਨੀਵਰਸਿਟੀ ਦੇ ਵਧੀਕ ਡੀਨ ਖੋਜ ਡਾ. ਜਗਰੂਪ ਕੌਰ ਨੇ ਦਿੱਤਾ। ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਇਸ ਭਾਸ਼ਣ ਦੇ ਵਿਸ਼ੇ ਅਤੇ ਬੁਲਾਰੇ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਵਾਈ।
 • 2023/01/31: ਵਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਵੱਲੋਂ '14ਵਾਂ ਸ਼ਹੀਦ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ' ਸੈਨੇਟ ਹਾਲ ਵਿਖੇ ਕਰਵਾਇਆ ਗਿਆ। 'ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ' ਵਿਸ਼ੇ ਉੱਤੇ ਇਹ ਭਾਸ਼ਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੇਵਾ-ਨਵਿਰਤ ਪ੍ਰੋ. ਸੁਖਮਨੀ ਬੱਲ ਰਿਆੜ, ਵੱਲੋਂ ਦਿੱਤਾ ਗਿਆ। ਆਪਣੇ ਭਾਸ਼ਣ ਵਿੱਚ ਉਨ੍ਹਾਂ ਪੰਜਾਬੀਆਂ ਵੱਲੋਂ 1849 ਤੋਂ ਬਾਅਦ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਨੇ ਵਿਸਥਾਰ ਪੂਰਵਕ 1849 ਤੋਂ ਲੈ ਕੇ 1947 ਤੱਕ ਦੀ ਭਾਰਤ ਪਾਕ ਵੰਡ ਦਾ ਇਤਿਹਾਸ ਬਹੁਤ ਹੀ ਸੁਚੱਜੇ ਢੰਗ ਨਾਲ ਕ੍ਰਮਵਾਰ ਤਰੀਕੇ ਨਾਲ ਚਾਨਣਾ ਪਇਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਤਿਹਾਸ ਵਿੱਚ ਸਰੋਤਾਂ ਦੀ ਮਹੱਤਤਾ ਬਾਰੇ ਅਤੇ ਸਾਹਿਤ ਅਤੇ ਇਤਿਹਾਸ ਦੇ ਆਪਸੀ ਅਨਿੱਖੜਵੇਂ ਸਬੰਧ ਉਪਰ ਵੀ ਚਾਨਣਾ ਪਾਇਆ।
 • 2023/01/30: ਵਾਰਿਸ ਸ਼ਾਹ ਦੀ ਤੀਜੀ ਸ਼ਤਾਬਦੀ ਸੰਬੰਧੀ ਸਰਗਰਮੀਆਂ ਦੀ ਲੜੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਵਾਰਿਸ ਸ਼ਾਹ ਨੂੰ ਸਮਰਪਿਤ ਨਵੇਂ ਸਾਲ ਦਾ 'ਟੇਬਲ ਕੈਲੰਡਰ' ਅਤੇ 'ਵਾਰਿਸ ਸ਼ਾਹ ਸੁਖਨ ਦਾ ਵਾਰਿਸ' ਨਾਟਕ ਨਾਲ਼ ਸੰਬੰਧਤ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਵਾਰਿਸ ਸ਼ਾਹ ਸ਼ਤਾਬਦੀ ਸੰਬੰਧੀ ਸਰਗਰਮੀਆਂ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਫਿ਼ਲਮ ਵੀ ਵਿਖਾਈ ਗਈ। ਸਿੰਡੀਕੇਟ ਰੂਮ ਵਿੱਚ ਰੱਖੇ ਗਏ ਇੱਕ ਸੰਖੇਪ ਸਮਾਗਮ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਕੈਲੰਡਰ ਅਤੇ ਪੋਸਟਰ ਜਾਰੀ ਕੀਤੇ ਗਏ।
 • 2023/01/29: ਪੰਜਾਬੀ ਯੂਨੀਵਰਸਿਟੀ ਦੇ ਫਿਜਿ਼ਓਥੈਰੇਪੀ ਵਿਭਾਗ ਵਿਖੇ ਹੋਈ ਇੱਕ ਖੋਜ ਦੌਰਾਨ ਸਾਹਮਣੇ ਆਇਆ ਕਿ ਮਾਹਵਾਰੀ ਨਾਲ਼ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਵਿੱਚ ਥਾਇਰਡ ਦੀ ਇੱਕ ਵਿਸ਼ੇਸ਼ ਕਿਸਮ ਸਬ-ਕਲੀਨੀਕਲ ਹਾਈਪੋਥਾਇਰਡਿਜ਼ਮ (ਐੱਸ. ਸੀ. ਐੱਚ.)ਦੀ ਸਮੱਸਿਆ ਵੀ ਅਕਸਰ ਪਾਈ ਜਾਂਦੀ ਹੈ ਜਿਸ ਲਈ ਕਿ ਸ਼ੁਰੂਆਤੀ ਪੱਧਰ ਉੱਤੇ ਡਾਕਟਰਾਂ ਵੱਲੋਂ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਸਮੇਂ ਸਿਰ ਇਸ ਦੀ ਪਹਿਚਾਣ ਨਾ ਹੋ ਸਕਣ ਕਾਰਨ ਬਾਅਦ ਵਿੱਚ ਇਹ ਕਿਸਮ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ। ਖੋਜ ਅਨੁਸਾਰ ਅਜਿਹੇ ਕੇਸਾਂ ਵਿੱਚ ਸੰਬੰਧਤ ਮਰੀਜ਼ ਦੀ ਖੁਰਾਕ ਵਿੱਚ ਕੁੱਝ ਵਿਸ਼ੇਸ਼ ਸੁਧਾਰ ਕਰ ਕੇ ਅਤੇ ਕੁੱਝ ਵਿਸ਼ੇਸ਼ ਕਸਰਤਾਂ (ਪ੍ਰੋਗਰੈਸਿਵ ਰਜਿ਼ਸਟਡ ਐਕਸਰਸਾਈਜ਼ਜ਼ ) ਨੂੰ ਉਸ ਦੇ ਰੁਟੀਨ ਵਿੱਚ ਸ਼ਾਮਿਲ ਕਰ ਕੇ ਇਸ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹਾ ਹੋਣ ਨਾਲ਼ ਦੇਸ ਦੀ ਕੁੱਲ ਅਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਰੋਗ ਅਤੇ ਇਸ ਨਾਲ਼ ਜੁੜੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ।
 • 2023/01/26: ਪਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਅਤੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ 'ਪਦਮ ਸ੍ਰੀ ਪੁਰਸਕਾਰ' ਦਿੱਤੇ ਜਾਣ ਦੇ ਐਲਾਨ ਉਪਰੰਤ ਯੂਨੀਵਰਸਿਟੀ ਵਿਖੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਲੰਬਾ ਸਮਾਂ ਡਾ. ਜੱਗੀ ਦੀ ਕਰਮਭੂਮੀ ਰਹੀ ਹੈ। ਖੋਜ, ਸਮੀਖਿਆ ਅਤੇ ਚਿੰਤਨ ਦੇ ਵਧੇਰੇ ਕਾਰਜ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਕੇ ਹੀ ਸੰਪੰਨ ਕੀਤੇ ਹਨ। ਪਿਛਲੇ ਸਾਲ ਸਥਾਪਨਾ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਵੀ ਕੀਤਾ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਹੈ।
 • 2023/01/26: ਪਗਣਤੰਤਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੀ ਰਵਾਇਤ ਅਨੁਸਾਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੈਂਪਸ ਵਿਖੇ ਤਿਰੰਗਾ ਲਹਿਰਾਇਆ ਗਿਆ। ਹਰ ਸਾਲ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਇਸ ਮੌਕੇ ਹੋਣ ਵਾਲੀ ਪਰੇਡ ਵਿੱਚ ਭਾਗ ਲਿਆ। ਤਿਰੰਗਾ ਲਹਿਰਾਏ ਜਾਣ ਦੀ ਰਸਮ ਉਪਰੰਤ ਸੈਨੇਟ ਹਾਲ ਵਿਖੇ ਇੱਕ ਸੰਖੇਪ ਪ੍ਰੋਗਰਾਮ ਕੀਤਾ ਗਿਆ ਜਿੱਥੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਸਮੂਹ ਹਾਜ਼ਰੀਨ ਨੂੰ ਸੰਬੋਧਤ ਹੋਏ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਦਿਹਾੜੇ ਉੱਪਰ ਸਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਡੇ ਸੰਵਿਧਾਨ ਨਿਰਮਾਤਾ ਵੱਲੋਂ ਵਿਖਾਏ ਗਏ ਰਾਹਾਂ ਉੱਤੇ ਤੁਰ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਸਾਡੇ ਦੇਸ ਜਾਂ ਦੇਸ ਵਿਚਲੇ ਜਿਸ ਕਿਸੇ ਵੀ ਅਦਾਰੇ ਵਿਚ ਅਸੀਂ ਵਿਚਰ ਰਹੇ ਹੋਈਏ ਓਥੇ ਅਸਲ ਅਰਥਾਂ ਵਿੱਚ ਜਮਹੂਰੀਅਤ ਵਾਲਾ ਮਾਹੌਲ ਸਿਰਜਣ ਵਿੱਚ ਆਪਣਾ ਭਰਵਾਂ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗੇ ਨਾਗਰਿਕ ਹੋਣ ਦਾ ਫਰਜ਼ ਹੈ। ਇਸ ਮੌਕੇ ਉਨ੍ਹਾਂ ਦੇਸ ਅਤੇ ਯੂਨੀਵਰਸਿਟੀ ਨੂੰ ਹੋਰ ਬਿਹਤਰ ਬਣਾਉਣ ਲਈ ਆਪੋ ਆਪਣੇ ਹਿੱਸੇ ਦੇ ਕਾਰਜ ਹੋਰ ਵਧੇਰੇ ਜ਼ਿੰਮੇਦਾਰੀ ਨਾਲ਼ ਕਰਨ ਹਿਤ ਅਹਿਦ ਲੈਣ ਲਈ ਵੀ ਪ੍ਰੇਰਿਤ ਕੀਤਾ।
 • 2023/01/24: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਤਾਮਿਲਨਾਡੂ ਵਿਖੇ ਆਈ.ਆਈ.ਟੀ.ਮਦਰਾਸ (ਚੇਨਈ) ਵਿੱਚ ਹੋ ਰਹੀ ਕਾਨਫਰੰਸ ਵਿੱਚ ਮਾਹਿਰ ਵਜੋਂ ਸ਼ਿਰਕਤ ਕਰ ਰਹੇ ਹਨ। 23 ਤੋਂ 27 ਜਨਵਰੀ 2023 ਦੌਰਾਨ 'ਕੁਆਂਟਮ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਤਰੱਕੀ' ਵਿਸ਼ੇ ਉੱਤੇ ਹੋ ਰਹੀ ਇਸ ਕਾਨਫਰੰਸ ਵਿੱਚ ਉਹ ਕੁਆਂਟਮ ਭੌਤਿਕ ਵਿਗਿਆਨ ਦੇ ਮਾਹਿਰ ਵਜੋਂ ਸ਼ਾਮਿਲ ਹੋਏ ਹਨ। ਇਸ ਕਾਨਫਰੰਸ ਵਿੱਚ ਵਿਚਾਰੇ ਜਾਣ ਵਾਲ਼ੇ ਵਿਸ਼ਿਆਂ ਵਿੱਚ ਕੁਆਂਟਮ ਜਾਣਕਾਰੀ, ਕੁਆਂਟਮ ਡਿਵਾਈਸਾਂ, ਕੁਆਂਟਮ ਮੈਟਰੋਲੋਜੀ, ਕੁਆਂਟਮ ਮਸ਼ੀਨ ਲਰਨਿੰਗ ਆਦਿ ਸ਼ਾਮਿਲ ਹਨ। ਇਸ ਕਾਨਫਰੰਸ ਵਿੱਚ ਵੱਖ-ਵੱਖ ਖੇਤਰਾਂ ਦੇ ਵਿਗਿਆਨੀਆਂ ਨੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਵਿੱਚ ਦੇਸ ਦੀਆਂ IISERs, IITs ਅਤੇ IISc ਸੰਸਥਾਵਾਂ ਤੋਂ ਇਲਾਵਾ ਯੂਰਪ, ਅਮਰੀਕਾ, ਆਸਟ੍ਰੇਲੀਆ ਅਤੇ ਸਿੰਗਾਪੁਰ ਤੋਂ ਵਿਸ਼ਾ ਮਾਹਿਰ ਸ਼ਾਮਲ ਹੋਏ ਹਨ। IBM ਯਾਰਕਟਾਉਨ, IBMQ ਇੰਡੀਆ, Mphasis, Accelequant ਅਤੇ TCG CREST ਆਦਿ ਸੰਸਥਾਵਾਂ ਤੋਂ ਉਦਯੋਗ ਮਾਹਰ ਵੀ ਸ਼ਿਰਕਤ ਕਰ ਰਹੇ ਹਨ। ਜਿਕਰਯੋਗ ਹੈ ਕੇ ਪ੍ਰੋ. ਅਰਵਿੰਦ ਕੁਆਂਟਮ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਦੇ ਵਿਗਿਆਨੀ ਹਨ। ਆਈ. ਆਈ. ਟੀ. ਬੰਗਲੌਰ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਪ੍ਰੋ. ਅਰਵਿੰਦ ਆਈ.ਆਈ.ਟੀ. ਮਦਰਾਸ (ਚੇਨਈ) ਵਿਖੇ ਫ਼ੈਕਲਟੀ ਮੈਂਬਰ ਵਜੋਂ ਵੀ ਵਿਚਰ ਚੁੱਕੇ ਹਨ।
 • 2023/01/23: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗਣਿਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। 'ਸੁਰੱਖਿਅਤ ਅਤੇ ਸਹੀ ਢੰਗ ਨਾਲ ਡੈਟਾ ਸੰਚਾਰਿਤ ਕਰਨ ਵਿੱਚ ਗਣਿਤ ਦੀ ਭੂਮਿਕਾ' ਵਿਸ਼ੇ ਉੱਤੇ ਕਰਵਾਇਆ ਗਿਆ ਇਹ ਭਾਸ਼ਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੁੱਜੇ ਬੁਲਾਰੇ ਪ੍ਰੋ. ਮਧੂ ਰਾਕਾ ਵੱਲੋਂ ਦਿੱਤਾ ਗਿਆ। ਇਹ ਭਾਸ਼ਣ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਕੰਮ ਕਰਦੇ ਨੈਸ਼ਨਲ ਬੋਰਡ ਆਫ਼ ਹਾਇਰ ਮੈਥੇਮੇਟਿਕਸ ਅਤੇ ਇੰਡੀਅਨ ਵਿਮੈਨ ਐਂਡ ਮੈਥੇਮੇਟਿਕਲ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਪ੍ਰੋ. ਮਧੂ ਰਾਕਾ ਨੇ ਆਪਣੇ ਭਾਸ਼ਣ ਦੌਰਾਨ ਕ੍ਰਿਪਟੋਗ੍ਰਾਫੀ ਅਤੇ ਕੋਡਿੰਗ ਥਿਊਰੀ ਵਿੱਚ ਹਾਲ ਹੀ ਦੇ ਖੋਜ ਰੁਝਾਨਾਂ ਬਾਰੇ ਬਹੁਤ ਹੀ ਪਰਸਪਰ ਪ੍ਰਭਾਵੀ ਢੰਗ ਨਾਲ ਹਾਜ਼ਰੀਨ ਨੂੰ ਜਾਣੂ ਕਰਵਾਇਆ। ਪੰਜਾਬੀ ਯੂਨੀਵਰਸਿਟੀ ਤੋਂ ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਸੰਜੀਵ ਪੁਰੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
 • 2023/01/20: ‘ਰਾਗ ਕਾਫਲਾ’ ਵੱਲੋਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ‘ਰਾਗ’ ਅੰਕ-13 ਦਾ ਲੋਕ ਅਰਪਣ ਅਤੇ ਪੁਰਸਕਾਰ ਭੇਂਟ ਸਮਾਗਮ ਕੀਤਾ ਗਿਆ। ਇਸ ਮੌਕੇ ਰਾਗ ਵਾਰਤਕ ਪੁਰਸਕਾਰ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਰਾਗ ਕਥਾ ਪੁਰਸਕਾਰ ਪ੍ਰੋ. ਬਲਦੇਵ ਸਿੰਘ ਧਾਲੀਵਾਲ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਮਿਆਰੀ ਸਾਹਿਤ ਅਤੇ ਚੰਗੇ ਸਾਹਿਤ ਸਿਰਜਕਾਂ ਦਾ ਆਦਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਭਾਸ਼ਾ, ਸਭਿਆਚਾਰ ਅਤੇ ਭਾਸ਼ਾ ਦੇ ਕਥਾਕਾਰਾਂ ਤੋਂ ਉਸ ਕੌਮ ਦੀ ਤਾਕਤ/ਸਮਰੱਥਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ। ਸਮਾਗਮ ਬਾਰੇ ਜਾਣ-ਪਛਾਣ ਕਰਾਉਂਦਿਆਂ ਰਾਗ ਰਸਾਲੇ ਦੇ ਸੰਪਾਦਕ ਕਥਾਕਾਰ ਜਸਵੀਰ ਰਾਣਾ ਨੇ ਕਿਹਾ ਕਿ ਸਾਡੇ ਕੁਝ ਪਰਵਾਸੀ ਸਿਰਜਕ ਚੰਗੀ ਸਾਹਿਤ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੇ ਹਨ ਉਨ੍ਹਾਂ ਚੋਂ ਰਾਗ ਕਾਫਲਾ ਦੇ ਇੰਦਰਜੀਤ ਸਿੰਘ ਪੁਰੇਵਾਲ ਇੱਕ ਹਨ। ਉਨ੍ਹਾਂ ਵੱਲੋਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪੁਰਸਕਾਰ ਦੇਣ ਦੀ ਯੋਜਨਾ ਬਣਾਈ ਗਈ ਹੈ ਜਿਸਦੇ ਤਹਿਤ ਅੱਜ ਵਾਰਤਕ ਅਤੇ ਕਥਾ ਸਿਰਜਣਾ ਸੰਬੰਧੀ ਪੁਰਸਕਾਰ ਦਿੱਤੇ ਜਾ ਰਹੇ ਹਨ।
 • 2023/01/17: ਪੰਜਾਬੀ ਯੂਨੀਵਰਸਿਟੀ ਵੱਲੋਂ ਰੱਖੀ ਗਈ ਸਾਬਕਾ ਵਿਦਿਆਰਥੀ ਮਿਲਣੀ ਮੌਕੇ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਵਿਭਾਗ ਪੱਧਰ ਉੱਤੇ ਵੀ ਸਾਬਕਾ ਵਿਦਿਆਰਥੀ ਮਿਲਣੀ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸ਼ਾਮਿਲ ਹੋਏ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਵਿੱਚ ਸੁਸ਼ੀਲ ਖੁਰਾਣਾ, ਰਵਿੰਦਰਪਾਲ ਸਿੰਘ ਆਹੂਜਾ, ਰਸ਼ਪਾਲ, ਜਿਤੇਸ਼ ਪੁਬਰੇਜਾ, ਗੁਰਦੀਪ ਸਿੰਘ, ਡਾ. ਨੀਰਜ ਸ਼ਰਮਾ ਆਦਿ ਦੇ ਨਾਮ ਪ੍ਰਮੁੱਖ ਹਨ। ਜ਼ਿਕਰਯੋਗ ਹੈ ਕਿ ਸੁਸ਼ੀਲ ਖੁਰਾਣਾ ਇਸ ਸਮੇਂ ਭੋਜਨ ਨਾਲ਼ ਸੰਬੰਧਤ ਕਾਰੋਬਾਰ ਵਿੱਚ ਹਨ ਜਿਸ ਤਹਿਤ ਸ਼ਿਕਾਗੋ ਵਿੱਚ ਇਨ੍ਹਾਂ ਦੇ ਰੈਸਟੋਰੈਂਟ ਹਨ ਅਤੇ ਹਾਲ ਹੀ ਵਿੱਚ ਇਨ੍ਹਾਂ ਉਤਪਾਦਨ ਯੂਨਿਟ ਵੀ ਸ਼ੁਰੂ ਕੀਤਾ ਹੈ। ਰਵਿੰਦਰ ਪਾਲ ਸਿੰਘ ਆਹੂਜਾ ਇਸ ਸਮੇਂ ਡੀ.ਈ.ਜੀ.ਟੀ.ਓ. ਕਮ ਡਿਪਟੀ ਸੀ.ਈ.ਓ. (ਡੀ.ਬੀ.ਈ.ਈ.) ਸੰਗਰੂਰ ਅਤੇ ਮਲੇਰਕੋਟਲਾ ਵਜੋਂ ਕੰਮ ਕਰ ਰਹੇ ਹਨ। ਰਛਪਾਲ ਸਿੰਘ, ਜਿਲ੍ਹਾ ਕਮਾਂਡੈਂਟ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਜ਼ਿਲ੍ਹਾ ਮਾਨਸਾ ਵਜੋਂ ਅਤੇ ਜਿਤੇਸ਼ ਪੁਬਰੇਜਾ ਬਲੂਏਵਜ਼ ਈ-ਹੈਲਥ ਸੇਵਾਵਾਂ ਵਿੱਚ ਸੀਨੀਅਰ ਤਕਨੀਕੀ ਲੀਡ ਵਜੋਂ ਕੰਮ ਕਰ ਰਹੇ ਹਨ।
 • 2023/01/17: ਪਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ 'ਭਾਈ ਵੀਰ ਸਿੰਘ ਸਾਹਿਤ ਚਿੰਤਨ' ਦੇ ਵਿਸ਼ੇ ਉੱਤੇ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਪਰਮੀਤ ਕੌਰ ਨੇ ਡਾ. ਸਰਬਜੀਤ ਸਿੰਘ ਦੀ ਸ਼ਖ਼ਸੀਅਤ ਨਾਲ ਮੁੱਢਲੀ ਜਾਣ-ਪਛਾਣ ਕਰਵਾਈ। ਡਾ. ਸਰਬਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਚਿੰਤਨ ਬਾਰੇ ਮੁੱਲਵਾਨ ਚਰਚਾ ਕੀਤੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਭਾਈ ਵੀਰ ਸਿੰਘ ਬਾਰੇ ਨਿਰੀ-ਪੁਰੀ ਆਧੁਨਿਕਤਾ ਦੀ ਧਾਰਨਾ ਤੋਂ ਹਟਕੇ ਉਨ੍ਹਾਂ ਦੀ ਰਚਨਾ-ਦ੍ਰਿਸ਼ਟੀ ਨੂੰ ਇਤਿਹਾਸਿਕ ਪ੍ਰਸੰਗ ਦੇ ਵਿਸ਼ਾਲ ਪਰਿਪੇਖ ਵਿੱਚ ਰੱਖ ਕੇ ਵਿਚਾਰਨ ਦੀ ਜ਼ਰੂਰਤ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਕਿਹਾ ਕਿ ਸਾਡੇ ਮੋਢਿਆਂ ਉੱਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਜਿਸਨੂੰ ਨਿਭਾਉਣ ਲਈ ਸਾਨੂੰ ਵਿਭਿੰਨ ਕੌਸ਼ਲਾਂ ਨਾਲ ਭਰਪੂਰ ਹੋਣਾ ਪਵੇਗਾ।
 • 2023/01/16 'ਪੰਜਾਬੀ ਯੂਨੀਵਰਸਿਟੀ ਦੀ ਆਬੋ ਹਵਾ ਐਸੀ ਹੈ ਕਿ ਇੱਥੋਂ ਪੜ੍ਹਿਆਂ ਨੂੰ ਤਾਅ ਉਮਰ ਇਸ ਦਾ ਚੇਤਾ ਨਹੀਂ ਭੁਲਦਾ। ਜਿ਼ੰਦਗੀ ਵਿੱਚ ਉੱਚੀਆਂ ਮੰਜਿ਼ਲਾਂ ਉੱਤੇ ਬੈਠਿਆਂ ਨੂੰ ਵੀ ਇੱਥੋਂ ਦੀ ਹੋਸਟਲ ਨਾਲ਼ ਜੁੜੀ ਜਿ਼ੰਦਗੀ, ਕੈਂਪਸ ਵਿੱਚ ਵਿਚਰਨ ਦਾ ਚਾਅ, ਹੋਸਟਲ ਦਾ ਖਾਣਾ, ਕੰਟੀਨਾਂ ਦੀਆਂ ਰੌਣਕਾਂ, ਲਾਇਬਰੇਰੀਆਂ ਵਿਚਲੀ ਗਹਿਰੀ ਸਾਕਾਰਤਮਕ ਚੁੱਪ ਵਾਲੇ ਮਾਹੌਲ ਦੀਆਂ ਝਲਕਾਂ ਭੁਲਾਇਆਂ ਵੀ ਨਹੀਂ ਭੁਲਦੀਆਂ' ਅਜਿਹੇ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵਿਹੜੇ ਰੱਖੇ ਗਏ ਪ੍ਰੋਗਰਾਮ ਵਿੱਚ ਪ੍ਰਗਟਾਏ ਗਏ। ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ, ਜੋ ਹੁਣ ਵੱਖ-ਵੱਖ ਖੇਤਰਾਂ ਵਿੱਚ ਉੱਚਿਆਂ ਮੁਕਾਮਾਂ ਨੂੰ ਛੋਹ ਰਹੇ ਹਨ, ਯੂਨੀਵਰਸਿਟੀ ਵੱਲੋਂ ਕਰਵਾਈ ਗਈ 'ਸਾਬਕਾ ਵਿਦਿਆਰਥੀ ਮਿਲਣੀ' ਦੌਰਾਨ ਉਤਸ਼ਾਹ ਪੂਰਵਕ ਢੰਗ ਨਾਲ਼ ਇਕੱਠੇ ਹੋਏ ਅਤੇ ਯੂਨੀਵਰਸਿਟੀ ਨਾਲ਼ ਜੁੜੇ ਆਪਣੇ ਤਜਰਬਿਆਂ ਅਤੇ ਯਾਦਾਂ ਦੀ ਆਪਸੀ ਸਾਂਝ ਪਾਈ। ਅਲੂਮਨੀ ਮੀਟ ਦੇ ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੀਆਂ ਸਾਰੀਆਂ ਫ਼ੈਕਲਟੀਆਂ ਵਿੱਚੋਂ ਇੱਕ-ਇੱਕ ਸਾਬਕਾ ਵਿਦਿਆਰਥੀ ਨੂੰ ਸਨਮਾਨਿਤ ਵੀ ਕੀਤਾ ਗਿਆ। 11 ਫੈਕਲਟੀਆਂ ਵਿਚੋਂ ਨੋਮੀਨੇਟ ਹੋਏ ਵੱਖ—ਵੱਖ ਉੱਘੇ ਵਿਅਕੀਤਆਂ ਵਿੱਚ ਜਸਟਿਸ ਅਲੋਕ ਜੈਨ, ਲੈਫਟੀਨੈਂਟ ਜਰਨਲ ਡਾ. ਦੇਵਿੰਦਰ ਦਿਆਲ ਸਿੰਘ ਸੰਧੂ, ਸੁਖਵਿੰਦਰ ਖੰਨਾ, ਡਾ. ਭੁਪਿੰਦਰ ਸਿੰਘ ਖਹਿਰਾ, ਵਰਿੰਦਰ ਵਾਲੀਆ, ਰਵਿੰਦਰ ਪਾਲ ਚਹਿਲ, ਡਾ. ਰੁਪਿੰਦਰ ਸਿੰਘ ਖੇੜਾ, ਡਾ. ਪਰਮਜੀਤ ਸਿੰੰਘ, ਦੇਵਿੰਦਰ ਸਿੰਘ ਭਾਟੀਆ, ਇੰਜ. ਦੀਪਕ ਗਰਗ ਸ਼ਾਮਿਲ ਸਨ।
 • 2023/01/15 ਨਿੰੰਮ੍ਹ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲ਼ਦਾ ਤੇਲ ਕਿਸ ਤਰੀਕੇ ਨਾਲ ਡੀਜ਼ਲ ਵਾਂਗ ਕੰਮ ਕਰ ਸਕਦਾ ਹੈ, ਇਸ ਨੁਕਤੇ ਨੂੰ ਸਮਝਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਖੇ ਇੱਕ ਖੋਜ ਕੀਤੀ ਗਈ ਹੈ। ਖੋਜਾਰਥੀ ਮਯੰਕ ਛਾਬੜਾ ਵੱਲੋਂ ਨਿਗਰਾਨ ਪ੍ਰੋ. ਬਲਰਾਜ ਸਿੰਘ ਸੈਣੀ ਅਤੇ ਸਹਿ-ਨਿਗਰਾਨ ਡਾ. ਗੌਰਵ ਦਵਿਵੇਦੀ ਦੀ ਅਗਵਾਈ ਵਿੱਚ 'ਨਿੰਮ ਬਾਇਓਡੀਜ਼ਲ ਦਾ ਉਤਪਾਦਨ ਅਤੇ ਅਨੁਕੂਲਨ' ਵਿਸ਼ੇ ਉੱਤੇ ਕੀਤੇ ਗਏ ਇਸ ਖੋਜ ਕਾਰਜ ਵਿੱਚ ਇਹ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਨਿੰਮ ਦੀਆਂ ਨਮੋਲ਼ੀਆਂ ਵਿੱਚੋਂ ਨਿੱਕਲਣ ਵਾਲ਼ਾ ਤੇਲ ਕਿਸ ਤਰੀਕੇ ਨਾਲ਼ ਅਤੇ ਕਿੰਨੇ ਕੁ ਢੁਕਵੇਂ ਤਰੀਕੇ ਨਾਲ਼ ਡੀਜ਼ਲ ਵਾਂਗ ਈਂਧਣ ਵਜੋਂ ਕਾਰਗਰ ਸਾਬਿਤ ਹੋ ਸਕਦਾ ਹੈ।
 • 2023/01/12 ਲਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸੂਬੇ ਦੇ ਨਵੇਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ਼ ਇੱਕ ਮੁਲਾਕਾਤ ਕੀਤੀ। ਚੰਡੀਗੜ੍ਹ ਵਿਖੇ ਹੋਈ ਇਸ ਗ਼ੈਰ ਰਸਮੀ ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਜਿੱਥੇ ਉਨ੍ਹਾਂ ਨੂੰ ਨਵੇਂ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਸੰਬੰਧੀ ਵਧਾਈ ਦਿੱਤੀ ਓਥੇ ਨਾਲ਼ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਨਿਵੇਕਲੀ ਭਾਂਤ ਦੇ ਪੰਜ ਸਾਲਾ ਇੰਟੈਗ੍ਰੇਟਿਡ ਕੋਰਸਾਂ ਬਾਰੇ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਵਾਈਸ-ਚਾਂਸਲਰ ਨੇ ਦੱਸਿਆ ਕਿ ਅਜਿਹੀ ਪਹਿਲਕਦਮੀ ਕਰਨ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇਸ਼ ਭਰ ਵਿੱਚ ਇਕਲੌਤੀ ਯੂਨੀਵਰਸਿਟੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੋਰਸਾਂ ਵਿਚ ਵਿਦਿਆਰਥੀ ਆਪਣੇ ਮੁੱਖ ਵਿਸ਼ੇ ਦੇ ਨਾਲ-ਨਾਲ ਆਪਣੀ ਰੁਚੀ ਅਨੁਸਾਰ ਬਿਲਕੁਲ ਵੱਖਰੀ ਵੰਨਗੀ ਦਾ ਵਿਸ਼ਾ ਵੀ ਪੜ੍ਹ ਸਕਦੇ ਹਨ। ਉਦਾਹਰਨ ਵਜੋਂ ਵਿਗਿਆਨ ਜਾਂ ਗਣਿਤ ਖੇਤਰ ਦਾ ਵਿਦਿਆਰਥੀ ਆਪਣੇ ਇਸ ਮੁੱਖ ਵਿਸ਼ੇ ਦੇ ਨਾਲ਼-ਨਾਲ਼ ਸੰਗੀਤ, ਥੀਏਟਰ, ਸਾਹਿਤ ਆਦਿ ਵੀ ਪੜ੍ਹ ਸਕਦਾ ਹੈ। ਵਾਈਸ ਚਾਂਸਲਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈਣ ਹਿਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਦਿਲਚਸਪੀ ਲਈ ਹੈ ਜਿਸ ਜਿਸ ਦੇ ਸਿੱਟੇ ਵਜੋਂ ਨਵੇਂ ਕੋਰਸ ਹੋਣ ਦੇ ਬਾਵਜੂਦ ਇਨ੍ਹਾਂ ਕੋਰਸਾਂ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ। ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਮੁੱਚੀਆਂ ਪਹਿਲਕਦਮੀਆਂ ਬਾਰੇ ਸੰਤੁਸ਼ਟੀ ਪ੍ਰਗਟਾਉਂਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਸਾਰੂ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੀਆਂ ਸਭ ਸਰਗਰਮੀਆਂ ਵਿੱਚ ਵਿਸ਼ੇਸ਼ ਦਿਲਚਸਪੀ ਜ਼ਾਹਰ ਕਰਦਿਆਂ ਇੱਛਾ ਪ੍ਰਗਟਾਈ ਕਿ ਉਹ ਜਲਦ ਹੀ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕਰ ਕੇ ਸਭ ਪਹਿਲਕਦਮੀਆਂ ਬਾਰੇ ਵਿਸਥਾਰ ਵਿੱਚ ਜਾਣਨਗੇ।
 • 2023/01/08 ਪੰਜਾਬੀ ਬੋਲੀ ਦੇ ਬਹੁਤ ਸਾਰੇ ਟਕਸਾਲੀ ਸ਼ਬਦਾਂ ਨੂੰ ਹੁਣ ਪੰਜਾਬ ਵਸਦੇ ਲੋਕ ਵੀ ਸਮਝਣੋਂ ਹਟ ਗਏ ਹਨ। ਅਜਿਹੇ ਸ਼ਬਦਾਂ ਨੂੰ ਸਿਰਫ਼ ਬਜ਼ੁਰਗ ਪੀੜ੍ਹੀ ਦੇ ਲੋਕ ਹੀ ਬੋਲਦੇ ਤੇ ਸਮਝਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ 20 ਜਿ਼ਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਕੀਤੇ ਗਏ ਸਰਵੇਖਣ ਅਧਾਰਿਤ ਖੋਜ ਵਿੱਚ ਇਹ ਤੱਥ ਸਾਹਮਣੇ ਆਏ ਹਨ। ਉੱਘੇ ਭਾਸ਼ਾ ਵਿਗਿਆਨੀ ਨਿਗਰਾਨ ਡਾ. ਬੂਟਾ ਸਿੰਘ ਬਰਾੜ ਦੀ ਅਗਵਾਈ ਵਿੱਚ ਖੋਜਾਰਥੀ ਪਵਨਦੀਪ ਕੌਰ ਵੱਲੋਂ ਕੀਤੀ ਇਸ ਖੋਜ ਰਾਹੀਂ ਪੂਰਬੀ ਪੰਜਾਬ (ਪੰਜਾਬ ਦਾ ਸਿਰਫ਼ ਭਾਰਤ ਵਿਚਲਾ ਹਿੱਸਾ) ਦੇ ਖੇਤਰ ਵਿੱਚ ਮੌਜੂਦਾ ਸਮੇਂ ਬੋਲੀਆਂ ਜਾਂਦੀਆਂ ਚਾਰ ਪ੍ਰਮੁੱਖ ਬੋਲੀਆਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਬਾਰੇ ਇਹ ਖੋਜ ਕੀਤੀ ਗਈ ਜਿਸ ਵਿੱਚ ਪ੍ਰਾਪਤ ਅੰਕੜਿਆਂ ਤੋਂ ਇਹ ਸਪਸ਼ਟ ਰੂਪ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਭਾਵ ਕਾਰਨ ਇਨ੍ਹਾਂ ਸਾਰੀਆਂ ਬੋਲੀਆਂ ਦੇ ਸ਼ੁੱਧ ਸਰੂਪ ਨੂੰ ਖੋਰਾ ਲੱਗ ਰਿਹਾ ਹੈ। ਅੰਗਰੇਜ਼ੀ ਦੇ ਅਨੇਕਾਂ ਸ਼ਬਦ ਜਿਵੇਂ; ਥੈਂਕਯੂ, ਵੈਲਕਮ, ਗੁੱਡਮੌਰਨਿੰਗ, ਬਾਏ-ਬਾਏ, ਹੈਲੋ, ਸੰਡੇ, ਵਨ-ਵੇ, ਕੈਂਡਲ ਲਾਈਟ, ਡੇ, ਨਾਈਟ ਆਦਿ ਆਮ ਪ੍ਰਚੱਲਿਤ ਹੋ ਗਏ ਹਨ। ਇਸੇ ਤਰ੍ਹਾਂ ਉਚਾਰਣ ਦੇ ਪੱਖ ਤੋਂ ਹਿੰਦੀ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ। ਪੰਜਾਬੀ ਸ਼ਬਦ 'ਕੌਲੀ' ਤੋਂ 'ਕੋਲੀ' ਬਣ ਗਿਆ ਹੈ ਚੌਲ' ਤੋਂ 'ਚੋਲ' ਅਤੇ 'ਜਾਵਾਂਗੇ' ਤੋਂ 'ਜਾਏਂਗੇ' ਬਣ ਗਏ ਨੇ।ਇਸੇ ਤਰਾਂ ਵਾਕ ਬਣਤਰ ਹਿੰਦੀ ਨੁਮਾ ਹੋ ਗਈ ਹੈ।ਬੱਚੇ ਨੂੰ ਕੁੱਤੇ ਨੇ ਵੱਢਿਆ ਨਹੀਂ ਕੱਟਿਆ ਬੋਲਿਆ ਜਾਂਦੈ।ਇਸ ਤਰਾਂ ਦੀਆਂ ਅਨੇਕਾਂ ਹੋਰ ਉਦਹਾਰਨਾਂ ਹਨ।ਖੋਜਾਰਥੀ ਪਵਨਦੀਪ ਕੌਰ ਨੇ ਦੱਸਿਆ ਕਿ ਖੋਜ ਦੌਰਾਨ ਅਜਿਹੇ ਕਰੀਬ 2000 ਸ਼ਬਦਾਂ ਅਤੇ 400 ਵਾਕਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦੀ ਵਰਤੋਂ ਹੁਣ ਸਿਰਫ਼ ਬਜ਼ੁਰਗਾਂ ਵੱਲੋਂ ਹੀ ਕੀਤੀ ਜਾਂਦੀ ਹੈ। ਨਵੀਂ ਪੀੜ੍ਹੀ ਨੂੰ ਅਜਿਹੇ ਸ਼ਬਦਾਂ ਜਿਵੇਂ ਸ਼ਕਾਲਾ ਸਿੰਘਰ, ਹੁੱਟ, ਧੰਦੜੇ, ਧਾਹੋ, ਪਿੰਜਰ, ਅੰਵਾਰਾ, ਅਰਲਾਸੇਟ, ਧੂਤਕਾੜਾ, ਸੂਸਲ੍ਹਾ, ਸਿਆੜ, ਸਲਾਰਾ, ਸਿਵਾਤ, ਗੰਡਿਆਲ, ਗੜੂੰਆ, ਚੌਖੜਾ, ਭੌੜਾ, ਮਾਖਤ, ਮਾਹਣੂ, ਖੁੜਮੇਟ, ਕੈਂਚ, ਤਤਾੜਾ, ਦੇਹੁਰਾ, ਫੀਲਾ, ਲੋਦਾ, ਵਰੇਗੜਾ, ਅਛਮਨੀ, ਅਰਗੜ, ਸਮੋਸਾ, ਕਰਾਂਦ, ਗੋਰੂ, ਗੁਟੂੰ, ਢਿੱਗ, ੜਿੱਕਾ ਅਤੇ ਤੱਖਰ ਆਦਿ ਬਾਰੇ ਬਿਲਕੁਲ ਵੀ ਪਤਾ ਨਹੀਂ।

ਯੂਨੀਵਰਸਿਟੀ ਬੁਨਿਆਦੀ ਢਾਂਚਾ

ਪੰਜਾਬੀ ਭਾਸ਼ਾ ਲਈ ਪਹਿਲਕਦਮੀਆਂ

ਲਾਇਬ੍ਰੇਰੀ

ਖੇਡ ਨਿਰਦੇਸ਼ਾਲਾ

ਵਿਦਿਆਰਥੀ ਆਵਾਸ

ਪ੍ਰਬੰਧਕੀ ਪੁੱਛਗਿੱਛ

0175-5136366

ਦਾਖਲਿਆਂ ਸੰਬੰਧੀ ਪੁੱਛਗਿੱਛ

0175-5136522

+91-8264256390

ਪ੍ਰੀਖਿਆਵਾਂ ਸੰਬੰਧੀ ਪੁੱਛਗਿੱਛ

0175-5136370

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਿੰਕ :9501200200